ਨੰਗਲ, (ਪ੍ਰੀਤਮ ਸਿੰਘ ਬਰਾਰੀ)-ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹਿਮਾਚਲ 'ਚ ਪੈ ਰਹੇ ਭਾਰੀ ਮੀਂਹ ਦੇ ਚਲਦਿਆਂ ਭਾਖੜਾ ਡੈਮ ਦੇ ਪਿੱਛੇ ਗੋਬਿੰਦ ਸਾਗਰ ਝੀਲ 'ਚ ਪਾਣੀ ਦੀ ਆਮਦ ਲਗਾਤਾਰ ਵਧ ਰਹੀ ਹੈ | ਬੀ.ਬੀ.ਐਮ.ਬੀ. ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਨੂੰ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1677.32 ਫੁੱਟ ਦਰਜ ਕੀਤਾ ਗਿਆ, ਜੋ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ 2.68 ਫੁੱਟ ਹੇਠ ਰਹਿ ਗਿਆ ਹੈ | ਭਾਖੜਾ ਡੈਮ 'ਚ ਪਾਣੀ ਦੀ ਆਮਦ 83,953 ਕਿਊਸਿਕ ਦਰਜ ਕੀਤੀ ਗਈ ਹੈ, ਜਦੋਂ ਕਿ ਨੰਗਲ ਡੈਮ ਨੂੰ 61,395 ਕਿਊਸਿਕ ਪਾਣੀ ਛੱਡਿਆ ਗਿਆ | ਦੱਸਣਯੋਗ ਹੈ ਕਿ ਬੀ. ਬੀ. ਐਮ. ਬੀ. ਵਲੋਂ ਭਾਖੜਾ ਡੈਮ ਦੇ ਫਲੱਡ ਗੇਟ 16 ਦਿਨਾਂ ਤੋਂ ਲਗਾਤਾਰ ਖੁੱਲੇ੍ਹ ਹਨ, ਜਿਨ੍ਹਾਂ ਨੂੰ ਅੱਜ 7 ਫੁੱਟ ਤੱਕ ਖੋਲਿ੍ਹਆ ਗਿਆ ਹੈ |