ਮਨਦੀਪ ਸਿੰਘ ਖਰੌੜ
ਪਟਿਆਲਾ, 4 ਸਤੰਬਰ -ਜਬਰ ਜਨਾਹ ਦੇ ਕੇਸ 'ਚ ਲੋੜੀਂਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਭਜਾਉਣ ਦੇ ਮਾਮਲੇ 'ਚ ਪਟਿਆਲਾ ਪੁਲਿਸ ਦੀਆਂ ਟੀਮਾਂ ਨੇ ਪੰਜਾਬ, ਹਰਿਆਣਾ ਤੇ ਦਿੱਲੀ ਤੋਂ 12 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਅਨੁਸਾਰ ਚਾਰ ਵਿਅਕਤੀ ਕਰਨਾਲ ਦੇ ਪਿੰਡ ਡਬਰੀ ਤੋਂ ਗਿ੍ਫ਼ਤਾਰ ਕਰਨ ਦੇ ਨਾਲ ਦੂਸਰੇ ਰਾਜਾਂ ਤੋਂ ਕਾਬੂ ਕੀਤੇ ਮੁਲਜ਼ਮਾਂ ਨੂੰ ਪਟਿਆਲਾ 'ਚ ਪੁੱਛ ਪੜਤਾਲ ਲਈ ਲਿਆਂਦਾ ਗਿਆ | ਜਿਨ੍ਹਾਂ ਨੂੰ ਅੱਜ ਅਦਾਲਤ 'ਚ ਡੀ.ਐਸ.ਪੀ. ਸਿਟੀ ਸਤਨਾਮ ਸਿੰਘ ਸੰਘਾ ਦੀ ਅਗਵਾਈ 'ਚ ਪੇਸ਼ ਕੀਤਾ ਗਿਆ, ਜਿਨ੍ਹਾਂ ਦਾ 4 ਦਿਨਾਂ ਪੁਲਿਸ ਰਿਮਾਂਡ ਲਿਆ ਗਿਆ ਹੈ, ਪਰ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਵਿਧਾਇਕ ਕਿਥੇ ਲੁਕਿਆ ਹੋਇਆ ਹੈ | ਇਸ ਸੰਬੰਧੀ ਹਾਲੇ ਤਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਆਪਣੀ ਚੁੱਪੀ ਨਹੀਂ ਤੋੜੀ ਹੈ |
ਵਿਧਾਇਕ ਦੇ ਹਮਾਇਤੀਆਂ ਖ਼ਿਲਾਫ਼ ਥਾਣਾ ਸਿਵਲ ਲਾਈਨ 'ਚ ਇਕ ਹੋਰ ਕੇਸ ਦਰਜ
ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਕੱਲ੍ਹ ਵਿਧਾਇਕ ਦੇ 15 ਹਮਾਇਤੀਆਂ ਖ਼ਿਲਾਫ਼ ਥਾਣਾ ਸਿਵਲ ਲਾਈਨ 'ਚ ਇਕ ਹੋਰ ਕੇਸ ਦਰਜ ਕੀਤਾ | ਪਤਾ ਲੱਗਾ ਹੈ ਕਿ ਵਿਧਾਇਕ ਨੂੰ ਭਜਾਉਣ ਦੇ ਮਾਮਲੇ 'ਚ ਅਤੇ ਕਾਨੂੰਨ ਵਿਵਸਥਾ 'ਚ ਵਿਘਨ ਪਾਉਣ ਦੇ ਮਾਮਲੇ ਤਹਿਤ ਕਾਰਵਾਈ ਕੀਤੇ ਜਾਣ ਸੰਬੰਧੀ ਦੱਸਿਆ ਜਾ ਰਿਹਾ ਹੈ |
ਵਿਧਾਇਕ ਦੀ ਤੀਜੀ ਵੀਡੀਓ ਦੀ ਉਡੀਕ ਕਰ ਰਹੇ ਨੇ ਸਮਰਥਕ
ਇਸ ਸੰਬੰਧੀ ਵਿਧਾਇਕ ਦੇ ਇਕ ਸਮਰਥਕ ਨੇ ਨਾਂਅ ਨਾ ਜਾਰੀ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਉਹ ਆਪਣਾ ਪੱਖ ਦੋ ਵੀਡੀਓ ਰਾਹੀਂ ਰੱਖ ਚੁੱਕੇ ਹਨ ਕਿ ਸਰਕਾਰ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ ਤੇ ਉਨ੍ਹਾਂ ਦੀ ਵਿਸਥਾਰਪੂਰਵਕ ਵੀਡੀਓ ਅਜੇ ਸਾਹਮਣੇ ਆਉਣੀ ਹੈ, ਜਿਸ ਬਾਰੇ ਉਨ੍ਹਾਂ ਵਲੋਂ ਕੱਲ੍ਹ ਸਾਂਝੀਆਂ ਕੀਤੀਆਂ ਦੋ ਵੀਡੀਓ 'ਚ ਦੱਸਿਆ ਸੀ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਉਨ੍ਹਾਂ ਦੇ ਸਮਰਥਕਾਂ 'ਤੇ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਕਿਹਾ ਕਿ ਸੱਚ ਕਦੇ ਦਬਾਇਆ ਨਹੀਂ ਜਾ ਸਕਦਾ | ਇਸ ਔਖੀ ਘੜੀ 'ਚ ਸਾਰਾ ਸਨੌਰ ਹਲਕਾ ਉਨ੍ਹਾਂ ਦੇ ਨਾਲ ਹੈ |
ਪਠਾਣਮਾਜਰਾ ਨੂੰ ਭਜਾਉਣ ਦੇ ਮਾਮਲੇ 'ਚ ਦਰਜਨ ਵਿਅਕਤੀ ਗਿ੍ਫ਼ਤਾਰ, 15 ਹੋਰਾਂ 'ਤੇ ਕੇਸ ਦਰਜ-ਵਿਧਾਇਕ ਦੀ ਭਾਲ ਜਾਰੀ
ਅਜੀਤ ਡੈਸਕ
05-09-2025