ਨਵੀਂ ਦਿੱਲੀ, 5 ਸਤੰਬਰ (ਉਪਮਾ ਢਾਗਾ ਪਾਰਥ)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਅਧਿਆਪਕ ਦਿਵਸ ਮੌਕੇ ਸਿੱਖਿਆ ਦੇ ਖੇਤਰ 'ਚ ਬਿਹਤਰੀਨ ਯੋਗਦਾਨ ਪਾਉਣ ਵਾਲੇ ਦੇਸ਼ ਭਰ ਦੇ ਕੁੱਲ 81 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ 'ਚ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਦੇ 45 ਅਧਿਆਪਕਾਂ ਅਤੇ ਉਚੇਰੀ ਸਿੱਖਿਆ ਦੇਣ ਵਾਲੇ 21 ਅਧਿਆਪਕਾਂ ਨੂੰ ਰਾਸ਼ਟਰੀ ਸਿੱਖਿਅਕ ਪੁਰਸਕਾਰਾਂ ਨਾਲ ਨਿਵਾਜਿਆ | ਇਸ ਤੋਂ ਇਲਾਵਾ ਹੁਨਰ ਵਿਕਾਸ ਮੰਤਰਾਲੇ ਤਹਿਤ ਆਉਂਦੇ 15 ਅਧਿਆਪਕਾਂ ਨੂੰ ਵੀ ਰਾਸ਼ਟਰੀ ਸਿੱਖਿਅਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਪ੍ਰਾਇਮਰੀ ਸਕੂਲ ਅਧਿਆਪਕਾਂ 'ਚ ਪੁਰਸਕਾਰ ਹਾਸਿਲ ਕਰਨ ਵਾਲਿਆਂ 'ਚ ਲੁਧਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਦੇ ਅਧਿਆਪਕ ਨਰਿੰਦਰ ਸਿੰਘ, ਚੰਡੀਗੜ੍ਹ ਦੇ ਗਵਰਨਮੈਂਟ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਅਧਿਆਪਕਾ ਪ੍ਰਵੀਨ ਕੁਮਾਰੀ ਸ਼ਾਮਿਲ ਹਨ | ਉਚੇਰੀ ਸਿੱਖਿਆ ਦੇਣ ਵਾਲੇ ਅਧਿਆਪਕਾਂ 'ਚੋਂ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਜਲੰਧਰ ਦੀ ਅੰਜਨਾ ਭਾਟੀਆ ਨੂੰ ਵੀ ਸਨਮਾਨਿਤ ਕੀਤਾ ਗਿਆ |
ਆਧੁਨਿਕ ਸਹੂਲਤਾਂ ਅਤੇ ਤਕਨੋਲੋਜੀ ਨਾਲ ਸਕੂਲ ਨੂੰ ਜੋੜਿਆ-ਨਰਿੰਦਰ ਸਿੰਘ
ਲੁਧਿਆਣਾ ਦੇ ਜੰਡਿਆਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਨਰਿੰਦਰ ਸਿੰਘ ਨੂੰ ਸਕੂਲ ਦੇ ਚੌਪੱਖੀ ਵਿਕਾਸ 'ਚ ਚੰਗਾ ਯੋਗਦਾਨ ਪਾਉਣ ਲਈ 'ਰਾਸ਼ਟਰੀ ਸਿੱਖਿਅਕ ਪੁਰਸਕਾਰ 2025' ਨਾਲ ਨਿਵਾਜਿਆ ਗਿਆ | ਨਰਿੰਦਰ ਸਿੰਘ ਨੇ ਸਾਬਕਾ ਵਿਦਿਆਰਥੀਆਂ ਦੇ ਮਾਂ-ਬਾਪ ਅਤੇ ਹੋਰਨਾਂ ਲੋਕਾਂ ਦੇ ਸਮਰਥਨ ਅਤੇ ਵਿੱਤੀ ਸਹਿਯੋਗ ਨਾਲ ਸਕੂਲ 'ਚ ਆਧੁਨਿਕ ਸਹੂਲਤਾਂ ਵਾਲੇ 15 ਨਵੇਂ ਕਲਾਸਰੂਮ ਬਣਵਾਏ | ਨਰਿੰਦਰ ਸਿੰਘ ਨੇ ਬੁਨਿਆਦੀ ਢਾਂਚੇ ਤੋਂ ਇਲਾਵਾ ਆਈ. ਟੀ. ਪਾਰਕ, ਸਮਾਰਟ ਲਾਇਬੇ੍ਰਰੀ, ਮੈਥਸ ਪਾਰਕ ਅਤੇ ਹਰਬਲ ਗਾਰਡਨ ਜਿਹੀਆਂ ਕਈ ਨਵੀਆਂ ਪਹਿਲਕਦਮੀਆਂ ਨਾਲ ਸਿੱਖਿਆ ਨੂੰ ਅਗਲੇਰੇ ਪੱਧਰ 'ਤੇ ਲੈ ਕੇ ਗਏ | ਉਨ੍ਹਾਂ ਸਕੂਲ 'ਚ ਟੈ੍ਰਫਿਕ ਟੇ੍ਰਨਿੰਗ ਪਾਰਕ, ਵਾਈਫਾਈ, ਜਨਰੇਟਰ, ਵਾਟਰ ਹਾਰਵੇਸਟਿੰਗ ਜਿਹੀਆਂ ਕਈ ਸਹੂਲਤਾਂ ਦੀ ਵੀ ਸ਼ੁਰੂਆਤ ਕੀਤੀ |
ਵਿਵਹਾਰਿਕ ਗਿਆਨ ਰਾਹੀਂ ਪੜ੍ਹਾਈ ਨੂੰ ਦਿਲਚਸਪ ਬਣਾਇਆ-ਪ੍ਰਵੀਨ ਕੁਮਾਰੀ
ਚੰਡੀਗੜ੍ਹ ਦੇ ਗਵਰਨਮੈਂਟ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਵੀਨ ਕੁਮਾਰੀ ਨੇ ਰਵਾਇਤੀ ਢੰਗ ਦੀ ਪੜ੍ਹਾਈ ਦੇ ਨਾਲ-ਨਾਲ ਵਿਵਹਾਰਿਕ ਗਿਆਨ ਰਾਹੀਂ ਪੜ੍ਹਾਈ ਨੂੰ ਵਧੇਰੇ ਦਿਲਚਸਪ ਬਣਾਇਆ | ਉਨ੍ਹਾਂ ਬੱਚਿਆਂ ਨੂੰ ਤਕਨੋਲੋਜੀ ਨਾਲ ਜੋੜਨ ਲਈ ਆਪਣੇ ਦੋ ਯੂ-ਟਿਊਬ ਚੈਨਲਾਂ ਰਾਹੀਂ ਵੀ ਪੜ੍ਹਾਈ ਨਾਲ ਜੋੜਿਆ | ਇਸ ਤੋਂ ਇਲਾਵਾ ਕਿਤਾਬੀ ਗਿਆਨ ਤੋਂ ਇਲਾਵਾ ਕਈ ਐਜ਼ੂਕੇਸ਼ਨਲ ਟੂਰਾਂ ਰਾਹੀਂ ਵੀ ਬੱਚਿਆਂ 'ਚ ਪੜ੍ਹਨ ਦੀ ਦਿਲਚਸਪੀ ਵਧਾਈ |
ਕਿਤਾਬੀ ਗਿਆਨ ਤੋਂ ਕਿਤੇ ਵੱਧ ਹੈ ਬਨਸਪਤੀ ਵਿਗਿਆਨ-ਡਾ. ਅੰਜਨਾ ਭਾਟੀਆ
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ 'ਚ ਬਨਸਪਤੀ ਵਿਗਿਆਨ ਦੀ ਅਧਿਆਪਕਾ ਪੋ੍ਰ. ਡਾ. ਅੰਜਨਾ ਭਾਟੀਆ ਦਾ ਮੰਨਣਾ ਹੈ ਕਿ ਬਨਸਪਤੀ ਵਿਗਿਆਨ ਕਿਤਾਬੀ ਗਿਆਨ ਤੋਂ ਕਿਤੇ ਵੱਡਾ ਵਿਸ਼ਾ ਹੈ | ਉਨ੍ਹਾਂ ਨੇਚਰ ਕੈਂਪਾਂ, ਖੇਡ ਆਧਾਰਤ ਪਹੁੰਚ ਅਤੇ ਪ੍ਰਯੋਗਆਤਮਿਕ ਸਿੱਖਣ ਰਾਹੀਂ ਵਿਦਿਆਰਥੀਆਂ ਨੂੰ ਵਿਸ਼ੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ | ਡਾ. ਭਾਟੀਆ ਨੇ ਅਨੁੰਸਥਾਨ ਰਿਸਰਚ ਫਾਊਾਡੇਸ਼ਨ ਨੈੱਟਵਰਕ ਰਾਹੀਂ ਫੰਡ ਕੀਤੀ ਰਿਸਰਚ 'ਚ ਵੀ ਹਿੱਸਾ ਲਿਆ |
ਸਿੱਖਿਆ ਵੀ ਵਿਅਕਤੀ ਦੀਆਂ ਮੁਢਲੀਆਂ ਜ਼ਰੂਰਤਾਂ ਵਾਂਗ ਲਾਜ਼ਮੀ- ਰਾਸ਼ਟਰਪਤੀ ਮੁਰਮੂ
ਦਿੱਲੀ ਦੇ ਵਿਗਿਆਨ ਭਵਨ 'ਚ ਕਰਵਾਏ ਸਮਾਗਮ 'ਚ ਰਾਸ਼ਟਰਪਤੀ ਦੋਰਪਦੀ ਮੁਰਮੂ ਨੇ ਕਿਹਾ ਕਿ ਰੋਟੀ, ਕੱਪੜਾ ਅਤੇ ਮਕਾਨ ਜਿਹੀਆਂ ਮੁਢਲੀਆਂ ਜ਼ਰੂਰਤਾਂ ਵਾਂਗ ਸਿੱਖਿਆ ਵੀ ਵਿਅਕਤੀ ਦੇ ਸਨਮਾਨ ਅਤੇ ਸੁਰੱਖਿਆ ਲਈ ਜ਼ਰੂਰੀ ਹੈ | ਸੰਵੇਦਨਸ਼ੀਲ ਅਧਿਆਪਕ, ਬੱਚਿਆਂ 'ਚ ਸਨਮਾਨ ਅਤੇ ਸੁਰੱਖਿਆ ਦੀ ਭਾਵਨਾ ਜਗਾਉਣ ਦਾ ਕੰਮ ਕਰਦੇ ਹਨ | ਉਨ੍ਹਾਂ ਕਿਹਾ ਕਿ ਅਧਿਆਪਕਾਂ ਲਈ ਸਭ ਤੋਂ ਵੱਡਾ ਪੁਰਸਕਾਰ ਇਹ ਵੀ ਹੈ ਕਿ ਉਨ੍ਹਾਂ ਦੇ ਵਿਦਿਆਰਥੀ ਜੀਵਨ ਭਰ ਉਨ੍ਹਾਂ ਨੂੰ ਯਾਦ ਰੱਖਣ ਅਤੇ ਪਰਿਵਾਰ, ਸਮਾਜ ਅਤੇ ਦੇਸ਼ ਲਈ ਯੋਗਦਾਨ ਪਾਉਣ | ਰਾਸ਼ਟਰਪਤੀ ਮੁਰਮੂ ਨੇ ਕੁੜੀਆਂ ਦੀ ਸਿੱਖਿਆ ਨੂੰ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ 'ਚ ਅਹਿਮ ਕਦਮ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਬੇਟੀਆਂ ਦੀ ਸਿੱਖਿਆ 'ਚ ਨਿਵੇਸ਼ ਕਰ ਕੇ ਅਸੀਂ ਆਪਣੇ ਪੂਰੇ ਪਰਿਵਾਰ, ਸਮਾਜ ਅਤੇ ਰਾਸ਼ਟਰ ਦੀ ਉਸਾਰੀ 'ਚ ਨਿਵੇਸ਼ ਕਰਦੇ ਹਾਂ | ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਭਾਰਤ ਨੂੰ 'ਗਲੋਬਲ ਨਾਲੇਜ ਸੁਪਰਪਾਵਰ' ਬਣਾਉਣ ਲਈ ਜ਼ਰੂਰੀ ਹੈ ਕਿ ਸਾਡੇ ਅਧਿਆਪਕਾਂ ਦੀ ਪਛਾਣ ਵਿਸ਼ਵ ਦੇ ਬਿਹਤਰ ਅਧਿਆਪਕਾਂ ਦੇ ਰੂਪ 'ਚ ਹੋਵੇ |
ਲੁਧਿਆਣਾ ਦੇ ਨਰਿੰਦਰ ਸਿੰਘ ਅਤੇ ਜਲੰਧਰ ਦੀ ਡਾ. ਅੰਜਨਾ ਭਾਟੀਆ ਸਮੇਤ 81 ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਪ੍ਰਦਾਨ
ਅਜੀਤ ਡੈਸਕ
06-09-2025