• ਹੋਏ ਨੁਕਸਾਨ ਦਾ ਲਿਆ ਜਾਇਜ਼ਾ • ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਕਪੂਰਥਲਾ/ਸੁਲਤਾਨਪੁਰ ਲੋਧੀ/ਹਰੀਕੇ ਪੱਤਣ/ਗੋਇੰਦਵਾਲ ਸਾਹਿਬ/ਤਾਰਾਗੜ੍ਹ, 5 ਸਤੰਬਰ (ਅਮਰਜੀਤ ਕੋਮਲ, ਨਰੇਸ਼ ਹੈਪੀ, ਥਿੰਦ, ਸੰਜੀਵ ਕੁੰਦਰਾ, ਸਕੱਤਰ ਸਿੰਘ ਅਟਵਾਲ, ਸੋਹਨ ਲਾਲ)-ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ ਵਲੋਂ ਭੇਜੀਆਂ ਗਈਆਂ ਕੇਂਦਰੀ ਟੀਮਾਂ ਨੇ ਕਪੂਰਥਲਾ, ਤਰਨ ਤਾਰਨ ਅਤੇ ਪਠਾਨਕੋਟ ਜ਼ਿਲਿ੍ਹਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਹੋਏ ਨੁਸਕਾਨ ਦੀ ਜਾਣਕਾਰੀ ਲਈ | ਕੇਂਦਰੀ ਬਿਜਲੀ ਮੰਤਰਾਲੇ ਦੇ ਸੀ.ਈ.ਏ. ਆਰ.ਕੇ. ਤਿਵਾੜੀ, ਖੇਤੀਬਾੜੀ ਦੇ ਡਾਇਰੈਕਟਰ ਲਕਸ਼ਮਣ ਰਾਮ ਬਲਡਕ, ਕੇਂਦਰੀ ਦਿਹਾਤੀ ਵਿਕਾਸ ਮੰਤਰਾਲੇ ਦੇ ਅੰਡਰ ਸੈਕਟਰੀ ਸੰਦੀਪ ਦੱਤਾ ਤੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਪ੍ਰਕਾਸ਼ ਚੰਦ ਨੇ ਕਪੂਰਥਲਾ ਦੇ ਮੰਡ ਖੇਤਰ ਦੇ ਟਾਪੂਨੁਮਾ ਪਿੰਡਾਂ ਬਾਊਪੁਰ, ਸਾਂਗਰਾ 'ਚ ਬੋਟ ਰਾਹੀਂ ਜਾ ਕੇ ਹੜ੍ਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ | ਉਨ੍ਹਾਂ ਪਿੰਡ ਬਾਊਪੁਰ 'ਚ ਹੜ੍ਹ ਦੀ ਮਾਰ ਹੇਠ ਆਏ ਸਕੂਲ ਦਾ ਵੀ ਦੌਰਾ ਕੀਤਾ | ਇਸ ਤੋਂ ਪਹਿਲਾਂ ਕੇਂਦਰੀ ਟੀਮ ਦੇ ਮੈਂਬਰਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹ ਨਾਲ ਹੋਏ ਨੁਕਸਾਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਟੀਮ ਮੈਂਬਰਾਂ ਨੂੰ ਮੰਡ ਖੇਤਰ ਦੇ ਟਾਪੂਨੁਮਾ ਪਿੰਡਾਂ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਜ਼ਿਲ੍ਹੇ 'ਚ ਹੜ੍ਹ ਨਾਲ 35 ਹਜ਼ਾਰ ਏਕੜ ਵਿਚ ਫ਼ਸਲਾਂ ਤੋਂ ਇਲਾਵਾ ਕਪੂਰਥਲਾ, ਭੁਲੱਥ ਤੇ ਸੁਲਤਾਨਪੁਰ ਲੋਧੀ ਤਹਿਸੀਲਾਂ 'ਚ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪੁੱਜਾ | ਇਸ ਮੌਕੇ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ ਰਮਤੇਜ ਸਿੰਘ ਬੈਂਸ, ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ, ਐਸ.ਡੀ.ਐਮ. ਅਲਕਾ ਕਾਲੀਆ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |
ਜ਼ਿਲ੍ਹਾ ਤਰਨ ਤਾਰਨ
ਇਸ ਕੇਂਦਰੀ ਟੀਮ ਨੇ ਜ਼ਿਲ੍ਹਾ ਤਰਨ ਤਾਰਨ ਦੇ ਹਰੀਕੇ ਪੱਤਣ ਪੁਲ ਵਿਖੇ ਦਰਿਆ ਸਤਲੁਜ ਅਤੇ ਗੋਇੰਦਵਾਲ ਵਿਖੇ ਦਰਿਆ ਬਿਆਸ ਦਾ ਵੀ ਦੌਰਾ ਕੀਤਾ ਅਤੇ ਜ਼ਿਲ੍ਹੇ 'ਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ | ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ, ਐੱਸ.ਐੱਸ.ਪੀ. ਦੀਪਕ ਪਾਰਿਕ, ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਜੀਵ ਸ਼ਰਮਾ ਤੋਂ ਇਲਾਵਾ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਉਨ੍ਹਾਂ ਨਾਲ ਸਨ | ਕੇਂਦਰੀ ਟੀਮ ਨੇ ਹਰੀਕੇ ਪੱਤਣ ਵਿਖੇ ਦਰਿਆ ਸਤਲੁਜ ਅਤੇ ਗੋਇੰਦਵਾਲ ਸਾਹਿਬ ਵਿਖੇ ਦਰਿਆ ਬਿਆਸ ਦਾ ਦੌਰਾ ਕਰਕੇ ਜ਼ਿਲ੍ਹਾ ਅਧਿਕਾਰੀਆਂ ਤੋਂ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਜ਼ਮੀਨੀ ਪੱਧਰ ਦੀ ਜਾਣਕਾਰੀ ਹਾਸਿਲ ਕੀਤੀ |
ਜ਼ਿਲ੍ਹਾ ਪਠਾਨਕੋਟ
ਕੇਂਦਰ ਸਰਕਾਰ ਦੀ ਇਕ ਟੀਮ ਵਲੋਂ ਜ਼ਿਲ੍ਹਾ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ | ਤਿੰਨ ਮੈਂਬਰੀ ਇਸ ਟੀਮ 'ਚ ਰਾਜੇਸ਼ ਗੁਪਤਾ, ਟੀ.ਐਲ. (ਡੀ.ਐਮ.) ਗ੍ਰਹਿ ਮੰਤਰਾਲਾ, ਕੰਡਾਰਪ ਵੀ. ਪਟੇਲ, ਡੀ.ਐਸ., ਐਕਸਪੈਂਡੀਚਰ, ਵਿੱਤ ਮੰਤਰਾਲਾ ਅਤੇ ਰਾਕੇਸ਼ ਕੁਮਾਰ, ਆਰ.ਓ, ਸੜਕੀ ਆਵਾਜਾਈ ਅਤੇ ਹਾਈਵੇ ਸ਼ਾਮਿਲ ਸਨ | ਇਹ ਟੀਮ ਸਭ ਤੋਂ ਪਹਿਲਾਂ ਰਾਵੀ ਦਰਿਆ 'ਤੇ ਬਣੇ ਕਥਲੌਰ ਪੁਲ ਵਿਖੇ ਪਹੁੰਚੀ, ਜਿਥੇ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਨੇ ਰਾਵੀ ਦਰਿਆ 'ਚ ਵਧਦੇ ਪਾਣੀ ਦੇ ਪੱਧਰ ਬਾਰੇ ਤੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਖੇਤਰਾਂ ਬਾਰੇ ਜਾਣਕਾਰੀ ਦਿੱਤੀ | ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧ ਜਾਣ ਕਰਕੇ ਬਮਿਆਲ ਅਤੇ ਨਰੋਟ ਜੈਮਲ ਸਿੰਘ ਦੇ ਪਿੰਡਾਂ ਅੰਦਰ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਸੀ | ਕੋਹਲੀਆਂ ਅੱਡਾ ਤੇ ਪੰਮਾ ਪਿੰਡ, ਜੋ ਕਿ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ | ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਲਾਏ ਰਾਹਤ ਅਤੇ ਬਚਾਅ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਉਝ ਦਰਿਆ ਤੋਂ ਪਾਰ ਪਿੰਡਾਂ 'ਚੋਂ ਵੀ ਹੜ੍ਹ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਉਨ੍ਹਾਂ ਲੋਕਾਂ ਤੱਕ ਰਾਹਤ ਸਮਗਰੀ ਪਹੰੁਚਾਈ ਜਾ ਰਹੀ ਹੈ | ਲਗਾਤਾਰ ਡਾਕਟਰਾਂ ਦੀ ਇਕ ਟੀਮ ਉਝ ਦਰਿਆ ਤੋਂ ਪਾਰ ਦੇ ਪਿੰਡਾਂ ਦਾ ਦੌਰਾ ਕਰ ਰਹੀ ਹੈ | ਅਧਿਕਾਰੀਆਂ ਨੇ ਕਿਹਾ ਕਿ ਉਹ ਹੜ੍ਹਾਂ ਦੇ ਨੁਕਸਾਨ ਸੰਬੰਧੀ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪਣਗੇ | ਇਸ ਮੌਕੇ ਕੇਂਦਰੀ ਟੀਮ ਨਾਲ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਅਰੁਨ ਸੇਖੜੀ, ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ) ਹਰਦੀਪ ਸਿੰਘ, ਵਣ ਮੰਡਲ ਅਫ਼ਸਰ ਪਠਾਨਕੋਟ ਧਰਮਵੀਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ |
ਕੇਂਦਰੀ ਟੀਮਾਂ ਵਲੋਂ ਕਪੂਰਥਲਾ, ਤਰਨ ਤਾਰਨ ਅਤੇ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
ਅਜੀਤ ਡੈਸਕ
06-09-2025