20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਦਿੱਲੀ ’ਚ ਰੋਸ ਮਾਰਚ

ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਦਿੱਲੀ ’ਚ ਰੋਸ ਮਾਰਚ

Ad Position 21
No active advertisement
ਅਜੀਤ ਡੈਸਕ 21-11-2026

* ਸ਼੍ਰੋਮਣੀ ਕਮੇਟੀ ਚੋਣਾਂ ਤੇ ਹੋਰ ਮੰਗਾਂ ਲਈ ਪ੍ਰਧਾਨ ਮੰਤਰੀ ਦਫ਼ਤਰ ’ਚ ਸੌਂਪਿਆ ਮੰਗ ਪੱਤਰ
* ਗਿਆਨੀ ਹਰਪ੍ਰੀਤ ਸਿੰਘ ਸਮੇਤ ਕਈ ਆਗੂ ਹਿਰਾਸਤ ’ਚ ਲਏ

ਨਵੀਂ ਦਿੱਲੀ, 20 ਨਵੰਬਰ (ਜਗਤਾਰ ਸਿੰਘ)-ਪਿਛਲੇ 15 ਸਾਲਾਂ ਤੋਂ ਲਮਕ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਉਣ ਸਮੇਤ ਹੋਰ ਪੰਥਕ ਮਸਲੇ ਹੱਲ ਕਰਨ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਰਾਜਧਾਨੀ ਦਿੱਲੀ ’ਚ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਇਸੇ ਸੰਬੰਧੀ ਵਫ਼ਦ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ’ਚ ਇਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੰਗ ਪੱਤਰ ’ਚ ਕਰਤਾਰਪੁਰ ਲਾਂਘਾ ਛੇਤੀ ਖੋਲ੍ਹਣ ਤੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਮੁੱਦੇ ਵੀ ਸ਼ਾਮਿਲ ਹਨ। ਸ਼੍ਰੋਮਣੀ ਕਮੇਟੀ ਚੋਣਾਂ ਛੇਤੀ ਕਰਵਾਉਣ ਲਈ ਕੇਂਦਰ ’ਤੇ ਦਬਾਅ ਪਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੁਖੀ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ’ਚ ਕੀਤੇ ਗਏ ਇਸ ਰੋਸ ਮੁਜ਼ਾਹਰੇ ’ਚ ਸ਼ਾਮਿਲ ਆਗੂਆਂ ਨੇ ਕੇਂਦਰ ਨੂੰ ਚਿਤਾਵਨੀ ਦੇਣ ਨਾਲ ਹੀ ਸਿੱਧੇ-ਅਸਿੱਧੇ ਤਰੀਕੇ ਨਾਲ ਬਾਦਲ ਦਲ ਨੂੰ ਵੀ ਨਿਸ਼ਾਨਾ ਬਣਾਇਆ। ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਏ ਇਕੱਠ ਅਤੇ ਅਰਦਾਸ ਉਪਰੰਤ ਰੋਸ ਮਾਰਚ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲ ਰਵਾਨਾ ਹੋਇਆ ,ਪਰ ਧਾਰਾ 163 ਲਾਗੂ ਹੋਣ ਦਾ ਹਵਾਲਾ ਦੇ ਕੇ ਪੁਲਿਸ ਵਲੋਂ ਰੋਸ ਮਾਰਚ ਨੂੰ ਥੋੜ੍ਹੀ ਦੂਰ ਹੀ ਪੰਡਿਤ ਪੰਤ ਮਾਰਗ ’ਤੇ ਰੋਕ ਲਿਆ ਗਿਆ। ਪ੍ਰਦਰਸ਼ਨਕਾਰੀ ਸੜਕਾਂ ’ਤੇ ਹੀ ਬੈਠ ਗਏ ਤੇ ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਸਮੇਤ ਕਈ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਦੌਰਾਨ, ਦਿੱਲੀ (ਹਕੂਮਤ) ਨੂੰ ਅਕ੍ਰਿਤਘਣ ਕਰਾਰ ਦਿੰਦਿਆਂ ਕਿਹਾ ਕਿ ਦਿੱਲੀ ਹਮੇਸ਼ਾ ਪੰਜਾਬ ਨਾਲ ਖ਼ਾਸ ਕਰਕੇ ਸਿੱਖਾਂ ਨਾਲ ਧੱਕਾ ਕਰਦੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਐਕਟ ਅਨੁਸਾਰ ਸਿੱਖਾਂ ਨੂੰ ਮਿਲਿਆ ਲੋਕਤੰਤਰਿਕ ਹੱਕ ਮਾਰ ਕੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਚੋਣਾਂ ਲਮਕਾਈਆਂ ਜਾ ਰਹੀਆਂ ਹਨ। ਕਿਉਂਕਿ ਕੇਂਦਰ ਇਕ ਅਜਿਹੇ ਧੜੇ ਦਾ ਕਬਜ਼ਾ ਬਰਕਰਾਰ ਰੱਖਣਾ ਚਾਹੁੰਦਾ ਹੈ, ਜਿਹੜੇ ਸਿੱਖੀ ਸਿਧਾਂਤਾਂ ਦਾ ਘਾਣ ਕਰ ਰਹੇ ਹਨ।  ਰੋਸ ਮਾਰਚ ਦੌਰਾਨ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੇਂਦਰ ’ਚ ਚਾਹੇ ਕੋਈ ਸਰਕਾਰ ਹੋਵੇ, ਸਾਡੇ ਨਾਲ ਹਮੇਸ਼ਾ ਧੱਕਾ ਹੀ ਹੁੰਦਾ ਹੈ ਅਤੇ ਕਿਧਰੇ ਵੀ ਸੁਣਵਾਈ ਨਾ ਹੋਣ ਕਾਰਨ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਮੁੱਦੇ ਨੂੰ ਲੈ ਕੇ ਹੁਣ ਅਸੀਂ ਦਿੱਲੀ ਆਏ ਹਾਂ। ਗੁਰਪ੍ਰਤਾਪ ਸਿੰਘ ਵਡਾਲਾ ਤੇ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਦਰਾਂ ਸਾਲ ਤੋਂ ਚੋਣ ਨਾ ਹੋਣ ਕਾਰਨ ਅੱਜ ਸ਼੍ਰੋਮਣੀ ਕਮੇਟੀ ਦੀ ਜੋ ਮਾੜੀ ਹਾਲਤ ਹੈ, ਉਸ ਲਈ ਕੇਂਦਰ ਵੀ ਜ਼ਿੰਮੇਵਾਰ ਹੈ। ਅਜੇਪਾਲ ਸਿੰਘ ਮੀਰਾਂਕੋਟ ਨੇ ਕਿਹਾ ਕਿ ਕਾਬਜ਼ ਧਿਰ ’ਤੇ ਬੜੇ ਦੋਸ਼ ਹਨ, ਇਸ ਲਈ ਚੋਣਾਂ ਕਰਵਾ ਕੇ ਇਨ੍ਹਾਂ ਨੂੰ ਤੁਰੰਤ ਬਾਹਰ ਕੱਢਿਆ ਜਾਵੇ। ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪੰਥ ਦੀ ਸਿਰਮੌਰ ਸੰਸਥਾ ਸੀ ਜਿਸ ’ਚ ਆਈ ਗਿਰਾਵਟ ਲਈ ਉਸ ’ਤੇ ਕਾਬਜ਼ ਧੜਾ ਜ਼ਿੰਮੇਵਾਰ ਹੈ। ਯੂਥ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਸੱਤਾ ਦੇ ਲਾਲਚ ’ਚ ਇਕ ਧੜੇ ਨੇ ਦਿੱਲੀ ਨਾਲ ਅਜਿਹੀ ਯਾਰੀ ਪਾਈ ਕਿ ਸਾਡੀਆਂ ਸਾਰੀਆਂ ਹੱਕੀ ਮੰਗਾਂ ’ਤੇ ਮਿੱਟੀ ਪਾ ਦਿੱਤੀ। ਇਸ ਰੋਸ ਮਾਰਚ ’ਚ ਕਰਨੈਲ ਸਿੰਘ ਪੀਰ ਮੁਹੰਮਦ, ਗਗਨਜੀਤ ਸਿੰਘ ਬਰਨਾਲਾ, ਸਰਵਣ ਸਿੰਘ ਫਿਲੌਰ, ਬੀਬੀ ਸਿਮਰਜੀਤ ਕੌਰ ਸਿੱਧੂ, ਦੀਵਾਨ ਸਿੰਘ ਡਿੱਖ, ਬੀਬੀ ਹਰਜੀਤ ਕੌਰ ਤਲਵੰਡੀ, ਹਰਬੰਸ ਸਿੰਘ ਕੰਧੋਲਾ, ਪ੍ਰੀਤਮ ਸਿੰਘ ਸੱਲੋਮਾਜਰਾ, ਰਣਧੀਰ ਸਿੰਘ ਰੱਖੜਾ, ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ, ਬਾਬਾ ਹਰਦੀਪ ਸਿੰਘ, ਭੁਪਿੰਦਰ ਸਿੰਘ ਸ਼ੇਖੂਪੁਰ, ਭਰਪੂਰ ਸਿੰਘ ਧਾਂਦਰਾ, ਗੁਰਜਿੰਦਰ ਸਿੰਘ ਭੁੱਲਰ, ਅਮਨਦੀਪ ਸਿੰਘ, ਬਲਦੇਵ ਸਿੰਘ ਬਟਾਲਾ, ਹਰੀ ਸਿੰਘ ਪੁਰੇਵਾਲ, ਮਨਜੀਤ ਸਿੰਘ ਦਸੂਹਾ, ਵਰਿੰਦਰ ਸਿੰਘ ਵਿੰਦਾ, ਦਲਜਿੰਦਰਬੀਰ ਸਿੰਘ ਵਿਰਕ, ਹਰਜਿੰਦਰ ਸਿੰਘ ਵਿਰਕ ਸਮੇਤ ਵੱਡੀ ਗਿਣਤੀ ’ਚ ਆਗੂਆਂ ਨੇ ਸ਼ਮੂਲੀਅਤ ਕੀਤੀ।

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਪਾਲ ਸਿੰਘ ਨੂੰ ਸਖ਼ਤ ਸੁਰੱਖਿਆ ਹੇਠ ਡਿਬਰੂਗੜ੍ਹ ਤੋਂ ਦਿੱਲੀ ਲਿਆਂਦਾ ਅਗਲੀ ਖ਼ਬਰ ਨਿਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦਾ ਭਾਰਤ ਦੌਰਾ ਕੱਲ੍ਹ ਤੋਂ
Ad Position 24