ਚੰਡੀਗੜ੍ਹ, 20 ਨਵੰਬਰ (ਅਜੀਤ ਬਿਊਰੋ)-ਕੌਮਾਂਤਰੀ ਕਬੱਡੀ ਖਿਡਾਰੀ ਤੇ ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਯਾਦਵਿੰਦਰ ਸਿੰਘ ‘ਯਾਦਾ ਸੁਰਖਪੁਰੀਆ’ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ (ਆਪ) ’ਚ ਸ਼ਾਮਿਲ ਹੋ ਗਏ। ਉਨ੍ਹਾਂ ਦਾ ਪਾਰਟੀ ’ਚ ਸਵਾਗਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪਣੀ ਨਵੀਂ ਸਿਆਸੀ ਪਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੇ ਜੁੜਨ ਨਾਲ ਪੰਜਾਬ ਦੇ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤੀ ਮਿਲੇਗੀ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਸਾਂਝੇ ਕੀਤੇ ਇਕ ਸੰਦੇਸ਼ ’ਚ ਮੁੱਖ ਮੰਤਰੀ ਨੇ ਕਿਹਾ ਕਿ ਯਾਦਵਿੰਦਰ ਸਿੰਘ ‘ਯਾਦਾ ਸੁਰਖਪੁਰੀਆ’ ਦਾ ਆਮ ਆਦਮੀ ਪਾਰਟੀ ਪਰਿਵਾਰ ’ਚ ਨਿੱਘਾ ਸਵਾਗਤ ਹੈ। ਵਿਸ਼ਵ ਕੱਪ ’ਚ ‘ਬੈਸਟ ਸਟੌਪਰ’ ਚੁਣੇ ਗਏ ਤੇ ਮੌਜੂਦਾ ਸਮੇਂ ਸੁਲਤਾਨਪੁਰ ਲੋਧੀ ਦੇ ਪਿੰਡ ਸੁਰਖਪੁਰ ਦੇ ਸਰਪੰਚ ਵਜੋਂ ਸੇਵਾ ਨਿਭਾਅ ਰਹੇ ਯਾਦਾ ਨੇ ਆਲਮੀ ਪੱਧਰ ’ਤੇ ਆਪਣੀਆਂ ਖੇਡ ਪ੍ਰਾਪਤੀਆਂ ਰਾਹੀਂ ਪੰਜਾਬ ਦਾ ਮਾਣ ਵਧਾਇਆ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਵਰਗੇ ਖੇਡ ਆਗੂਆਂ ਦੇ ਸ਼ਾਮਿਲ ਹੋਣ ਨਾਲ ਸੂਬੇ ’ਚ ਉਸਾਰੂ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਸਾਡੇ ਯਤਨਾਂ ਨੂੰ ਹੋਰ ਬਲ ਮਿਲੇਗਾ। ਯਾਦਾ ਨੂੰ ਇਸ ਨਵੀਂ ਪਾਰੀ ਲਈ ਦਿਲੋਂ ਸ਼ੁਭਕਾਮਨਾਵਾਂ। ਆਓ, ਰਲ-ਮਿਲ ਕੇ ‘ਰੰਗਲਾ ਪੰਜਾਬ’ ਸਿਰਜਣ ਲਈ ਕੰਮ ਕਰੀਏ। ਯਾਦਾ ਸੁਰਖਪੁਰੀਆ ਨੂੰ ਇਸ ਨਵੇਂ ਅਧਿਆਏ ਲਈ ਦਿਲੋਂ ਸ਼ੁਭਕਾਮਨਾਵਾਂ ਦਿੰਦਿਆਂ ਮੁੱਖ ਮੰਤਰੀ ਨੇ ਸਾਰਿਆਂ ਨੂੰ ਇਕ ਅਜਿਹਾ ‘ਰੰਗਲਾ ਪੰਜਾਬ’ ਬਣਾਉਣ ਲਈ ਸਾਂਝੇ ਤੌਰ ‘ਤੇ ਕੰਮ ਕਰਨ ਦਾ ਸੱਦਾ ਦਿੱਤਾ, ਜਿੱਥੇ ਨੌਜਵਾਨਾਂ ਨੂੰ ਖੇਡਾਂ, ਅਨੁਸ਼ਾਸਨ ਤੇ ਉਸਾਰੂ ਕੰਮਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਭਰੋਸਾ ਜਤਾਇਆ ਕਿ ਯਾਦਾ ਸੁਰਖਪੁਰੀਆ ਦਾ ਤਜਰਬਾ ਤੇ ਖੇਡ ਖੇਤਰ ’ਚ ਪਾਇਆ ਯੋਗਦਾਨ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰੇਗਾ ਤੇ ਪੰਜਾਬ ਨੂੰ ਖੇਡਾਂ ’ਚ ਮੋਹਰੀ ਸੂਬਾ ਬਣਾਉਣ ਦੇ ਸਾਂਝੇ ਸੰਕਲਪ ਨੂੰ ਹੋਰ ਮਜ਼ਬੂਤ ਕਰੇਗਾ।
ਮੁੱਖ ਮੰਤਰੀ ਵਲੋਂ ਕੌਮਾਂਤਰੀ ਕਬੱਡੀ ਖਿਡਾਰੀ ਯਾਦਾ ਸੁਰਖਪੁਰੀਆ ਦਾ ‘ਆਪ’ ’ਚ ਸਵਾਗਤ
ਮੁੱਖ ਮੰਤਰੀ ਵਲੋਂ ਕੌਮਾਂਤਰੀ ਕਬੱਡੀ ਖਿਡਾਰੀ ਯਾਦਾ ਸੁਰਖਪੁਰੀਆ ਦਾ ‘ਆਪ’ ’ਚ ਸਵਾਗਤ
ਅਜੀਤ ਡੈਸਕ
21-11-2026