ਹਰਿਆਣਾ, ਰਾਜਸਥਾਨ, ਹਿਮਾਚਲ ਤੇ ਪੰਜਾਬ ਹਨ ਕਮੇਟੀ ਦੇ ਮੈਂਬਰ
ਚੰਡੀਗੜ੍ਹ, 5 ਸਤੰਬਰ (ਅਜਾਇਬ ਸਿੰਘ ਔਜਲਾ)-ਭਾਖੜਾ ਬਿਆਸ ਪ੍ਰਬੰਧਨ ਬੋਰਡ ਵਲੋਂ ਛੱਡੇ ਗਏ ਪਾਣੀ ਦੀ ਮਾਤਰਾ ਤਕਨੀਕੀ ਕਮੇਟੀ ਵਲੋਂ ਨਿਰਧਾਰਿਤ ਕੀਤੀ ਜਾਂਦੀ ਹੈ, ਜਿਸ ਦੇ ਹਰਿਆਣਾ, ਰਾਜਸਥਾਨ, ਹਿਮਾਚਲ, ਪੰਜਾਬ ਮੈਂਬਰ ਹਨ | ਇਹ ਗੱਲ ਅੱਜ ਚੰਡੀਗੜ੍ਹ 'ਚ ਪੱਤਰਕਾਰ ਸੰਮੇਲਨ ਦੌਰਾਨ ਬੀ.ਬੀ.ਐਮ.ਬੀ. ਵਲੋਂ ਚੇਅਰਮੈਨ ਮਨੋਜ ਤਿ੍ਪਾਠੀ ਵਲੋਂ ਸਾਂਝੀ ਕੀਤੀ ਗਈ | ਇਸੇ ਦੌਰਾਨ ਉਨ੍ਹਾਂ ਨੇ ਭਾਖੜਾ 'ਚ ਪਾਣੀ ਦੇ ਪੱਧਰ ਬਾਰੇ ਦੱਸਿਆ ਕਿ ਅਸੀਂ ਸਟੋਰੇਜ ਡੈਮ ਬਾਰੇ ਕਈ ਮੀਟਿੰਗਾਂ ਕਰ ਰਹੇ ਹਾਂ ਕਿਉਂਕਿ ਪਹਿਲਾਂ ਬਹੁਤ ਸਾਰਾ ਪਾਣੀ ਆਇਆ ਹੈ | ਜੇਕਰ ਅਸੀਂ ਬਿਆਸ ਡੈਮ/ਪੌਂਗ ਡੈਮ ਨੂੰ ਵੇਖੀਏ ਤਾਂ ਇਸ ਸਾਲ ਜਿੰਨਾ ਪਾਣੀ ਆਇਆ ਏਨਾ 1988 'ਚ ਆਇਆ ਸੀ, ਫਿਰ 2019, 2023 'ਚ ਅਤੇ ਇਸ ਵਾਰ 2023 ਤੋਂ 20 ਫ਼ੀਸਦੀ ਵੱਧ ਪਾਣੀ ਆਇਆ ਹੈ, ਜਿਸ 'ਚ 2025 'ਚ 1 ਜੁਲਾਈ ਤੋਂ ਹੁਣ ਤੱਕ ਕੁੱਲ ਪਾਣੀ 11.70 ਬੀ.ਸੀ.ਐਮ. ਹੈ, ਜੋ ਕਿ 2023 'ਚ 9.25 ਬਿਲੀਅਨ ਸੀ | ਇਹ ਪਹਿਲਾਂ ਨਹੀਂ ਆਇਆ ਸੀ, ਜੇਕਰ ਅਸੀਂ ਇਸ ਨੂੰ ਵੇਖੀਏ ਤਾਂ 2023 ਤੋਂ ਬਾਅਦ, ਕੇਂਦਰੀ ਜਲ ਕਮਿਸ਼ਨ ਨੇ ਇਕ ਨਿਯਮ ਬਣਾਇਆ ਹੈ ਕਿ ਇਸ ਨੂੰ ਇਸ ਪੱਧਰ ਤੋਂ ਉੱਪਰ ਨਹੀਂ ਭਰਿਆ ਜਾਣਾ ਚਾਹੀਦਾ | ਇਹ ਬੀ.ਬੀ.ਐਮ.ਬੀ. ਅਤੇ ਮੌਸਮ ਵਿਭਾਗ ਦੇ ਅਨੁਮਾਨਾਂ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ | ਭਾਖੜਾ ਡੈਮ 'ਚ ਜੋ ਪਾਣੀ ਆਇਆ, ਉਹ 9.11 ਸੀ, 1988, 2023 'ਚ ਜਿੰਨਾ ਪਾਣੀ ਆਇਆ ਸੀ, ਓਨਾ ਹੀ ਪਾਣੀ 2025 'ਚ ਆਇਆ ਹੈ | ਅਸੀਂ ਪਾਣੀ ਦੇ ਪੱਧਰ ਨੂੰ 1680 ਫੁੱਟ ਤੋਂ ਪਾਰ ਨਹੀਂ ਹੋਣ ਦਿੱਤਾ | ਸਵੇਰ ਦੀ ਸਥਿਤੀ ਅਨੁਸਾਰ ਪਾਣੀ ਘਟਾਇਆ ਗਿਆ ਸੀ | ਜੇਕਰ ਅਸੀਂ ਮੌਨਸੂਨ 'ਚ ਪਾਣੀ ਛੱਡਣ 'ਤੇ ਨਜ਼ਰ ਮਾਰੀਏ ਤਾਂ 1.1 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ ਜੋ ਕਿ 2023 'ਚ ਜ਼ਿਆਦਾ ਸੀ ਅਤੇ ਪੌਂਗ ਤੋਂ ਛੱਡਿਆ ਗਿਆ ਪਾਣੀ ਰਾਜਾਂ ਦੀ ਸਹਿਮਤੀ ਨਾਲ ਛੱਡਿਆ ਗਿਆ ਹੈ ਤੇ ਇਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਹੈ | ਭਾਖੜਾ 'ਚ ਪਾਣੀ ਦਾ ਪੱਧਰ ਥੋੜ੍ਹਾ ਘਟ ਗਿਆ ਹੈ ਪਰ ਪੌਂਗ 'ਚ ਲਗਾਤਾਰ ਵਧ ਰਿਹਾ ਹੈ, ਇਹ 1 ਲੱਖ ਕਿਊਸਿਕ ਹੈ | ਜੇਕਰ ਇਹ ਦੋਵੇਂ ਡੈਮ ਨਾ ਹੁੰਦੇ ਤਾਂ ਜੂਨ ਤੋਂ ਹੜ੍ਹ ਸ਼ੁਰੂ ਹੋ ਜਾਂਦੇ | ਮਨੋਜ ਤਿ੍ਪਾਠੀ ਨੇ ਕਿਹਾ ਕਿ ਜੇਕਰ ਸਮੱਸਿਆ ਇਸ ਸਮੇਂ ਖ਼ਤਮ ਹੋ ਜਾਂਦੀ ਹੈ ਤਾਂ ਭਵਿੱਖ 'ਚ ਇਸਦੀ ਕੋਈ ਵੱਡੀ ਸਮੱਸਿਆ ਨਹੀਂ ਹੈ, 'ਜੋ ਕਿ ਮੌਸਮ ਵਿਭਾਗ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ' | ਫ਼ਿਲਹਾਲ ਦੀ ਘੜੀ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ | ਇਸੇ ਦੌਰਾਨ ਬੋਰਡ ਦੇ ਚੇਅਰਮੈਨ ਨੇ ਇਸ ਗੱਲ ਨੂੰ ਸਾਫ਼ ਕੀਤਾ ਕਿ ਪਿਛਲੇ ਦਿਨੀਂ ਜੋ ਉਨ੍ਹਾਂ ਨੂੰ ਬੰਧਕ ਬਣਾਉਣ ਦੀਆਂ ਖ਼ਬਰਾਂ ਆਈਆਂ ਸਨ, ਉਹ ਸਹੀ ਨਹੀਂ ਸਨ, ਉਨ੍ਹਾਂ ਨੂੰ ਕਿਸੇ ਨੇ ਵੀ ਬੰਧਕ ਨਹੀਂ ਬਣਾਇਆ ਸਗੋਂ ਉਹ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੰਤਜ਼ਾਰ ਕਰਦੇ ਰਹੇ | ਇਸ ਮੌਕੇ ਸੀ.ਆਈ.ਐਸ.ਐਫ਼. ਦੀ ਤਾਇਨਾਤੀ ਬਾਰੇ ਉਨ੍ਹਾਂ ਕਿਹਾ ਕਿ ਇਹ ਫ਼ੈਸਲਾ 2021 'ਚ ਕੀਤਾ ਗਿਆ ਸੀ ਕਿ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪੰਜਾਬ ਸਰਕਾਰ ਨੇ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਜਤਾਇਆ | ਉਨ੍ਹਾਂ ਇਹ ਵੀ ਕਿਹਾ ਪੰਜਾਬ ਦੇ ਸਿਵਲ ਸਕੱਤਰੇਤ ਆਦਿ 'ਚ ਵੀ ਤਾਂ ਸੀ.ਆਈ.ਐਸ.ਐਫ਼ ਦੀ ਤਾਇਨਾਤੀ ਕੀਤੀ ਹੋਈ ਹੈ | ਉਨ੍ਹਾਂ ਕਿਹਾ ਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ 'ਚ ਸਾਰੇ ਫ਼ੈਸਲੇ ਆਮ ਸਹਿਮਤੀ ਨਾਲ ਲਏ ਜਾਂਦੇ ਹਨ |
ਬੀ.ਬੀ.ਐਮ.ਬੀ. ਵਲੋਂ ਛੱਡੇ ਪਾਣੀ ਦੀ ਮਾਤਰਾ ਤਕਨੀਕੀ ਕਮੇਟੀ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ-ਮਨੋਜ ਤਿ੍ਪਾਠੀ
ਅਜੀਤ ਡੈਸਕ
06-09-2025