ਚੰਡੀਗੜ੍ਹ, 5 ਸਤੰਬਰ (ਬਿਊਰੋ ਚੀਫ਼)-ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਨੇ ਮਗਰਲੇ ਦੋ ਦਿਨਾਂ ਤੋਂ ਤੇਜ਼ ਬੁਖ਼ਾਰ ਹੋਣ ਕਾਰਨ ਆਪਣੇ ਸਰਕਾਰੀ ਪ੍ਰੋਗਰਾਮ ਰੱਦ ਕੀਤੇ ਹੋਏ ਹਨ, ਨੂੰ ਸਿਹਤ 'ਚ ਸੁਧਾਰ ਨਾ ਹੋਣ ਕਾਰਨ ਅੱਜ ਰਾਤ ਫੋਰਟਿਸ ਹਸਪਤਾਲ (ਮੁਹਾਲੀ) ਵਿਖੇ ਦਾਖ਼ਲ ਕਰਵਾਇਆ ਗਿਆ | ਪਾਰਟੀ ਸੂਤਰਾਂ ਵਲੋਂ ਭਾਵੇਂ ਦੱਸਿਆ ਗਿਆ ਕਿ ਮੁੱਖ ਮੰਤਰੀ ਨੂੰ ਵਾਇਰਲ ਬੁਖ਼ਾਰ ਹੈ, ਪਰ ਉਨ੍ਹਾਂ ਦੇ ਨਿਵਾਸ ਅਸਥਾਨ 'ਤੇ ਇਲਾਜ ਕਰ ਰਹੇ ਡਾਕਟਰਾਂ ਦੀ ਟੀਮ ਦੀ ਸਿਫ਼ਾਰਿਸ਼ 'ਤੇ ਮੁੱਖ ਮੰਤਰੀ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ ਤਾਂ ਜੋ ਉਨ੍ਹਾਂ ਦੇ ਸਾਰੇ ਟੈਸਟ ਚੰਗੇ ਢੰਗ ਨਾਲ ਹੋ ਸਕਣ | ਮੁੱਖ ਮੰਤਰੀ, ਜਿਨ੍ਹਾਂ ਨੇ ਬੁੱਧਵਾਰ ਸ਼ਾਮ ਨੂੰ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦਾ ਚੰਡੀਗੜ੍ਹ ਹਵਾਈ ਅੱਡੇ 'ਤੇ ਪੁੱਜ ਕੇ ਸਵਾਗਤ ਕੀਤਾ ਸੀ, ਵਲੋਂ ਉਸ ਮੌਕੇ ਵੀ ਦੱਸਿਆ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਬੁਖ਼ਾਰ ਹੈ ਪਰ ਅਗਲੇ ਦਿਨ ਸਵੇਰੇ ਉਹ ਕੇਜਰੀਵਾਲ ਨਾਲ ਗੁਰਦਾਸਪੁਰ ਤੇ ਸੁਲਤਾਨਪੁਰ ਲੋਧੀ ਵਿਖੇ ਹੜ੍ਹਾਂ ਦਾ ਜਾਇਜ਼ਾ ਲੈਣ ਨਹੀਂ ਜਾ ਸਕੇ ਸਨ ਤੇ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਤੇਜ਼ ਬੁਖ਼ਾਰ ਹੈ | ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਸੀ ਕਿ ਉਹ ਸ਼ੁੱਕਰਵਾਰ ਠੀਕ ਹੋ ਜਾਣਗੇ ਤੇ ਮੰਤਰੀ ਮੰਡਲ ਦੀ ਮੀਟਿੰਗ 'ਚ ਸ਼ਮੂਲੀਅਤ ਕਰ ਸਕਣਗੇ ਪਰ ਸਿਹਤ 'ਚ ਸੁਧਾਰ ਨਾ ਹੋਣ ਕਾਰਨ ਅੱਜ ਸ਼ਾਮ 4 ਵਜੇ ਵਾਲੀ ਕੈਬਨਿਟ ਮੀਟਿੰਗ ਵੀ ਰੱਦ ਕਰਨੀ ਪਈ | ਫੋਰਟਿਸ ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰਾਂ ਦੀ ਟੀਮ ਵਲੋਂ ਉਨ੍ਹਾਂ ਦੇ ਸਾਰੇ ਟੈਸਟ ਕੀਤੇ ਜਾ ਰਹੇ ਹਨ ਤੇ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ | ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਕ-ਦੋ ਦਿਨਾਂ ਤੱਕ ਛੁੱਟੀ ਦਿੱਤੀ ਜਾ ਸਕਦੀ ਹੈ ਪਰ ਫੋਰਟਿਸ ਹਸਪਤਾਲ ਵਲੋਂ ਅਤੇ ਮੁੱਖ ਮੰਤਰੀ ਦੇ ਦਫ਼ਤਰ ਵਲੋਂ ਅਧਿਕਾਰਤ ਤੌਰ 'ਤੇ ਮੁੱਖ ਮੰਤਰੀ ਦੀ ਸਿਹਤ ਸੰਬੰਧੀ ਪੂਰਨ ਤੌਰ 'ਤੇ ਖਾਮੋਸ਼ੀ ਰੱਖੀ ਜਾ ਰਹੀ ਹੈ | ਮੁੱਖ ਮੰਤਰੀ ਦੀ ਸਿਹਤ ਖ਼ਰਾਬ ਹੋਣ ਕਾਰਨ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਚੁੱਕੇ ਜਾਣ ਵਾਲੇ ਕਦਮ ਰੁਕੇ ਹੋਏ ਹਨ | ਰਾਜ ਵਿਚ ਹੜ੍ਹਾਂ ਕਾਰਨ ਹੋਏ ਵੱਡੇ ਨੁਕਸਾਨ ਸੰਬੰਧੀ ਕੇਂਦਰ ਨੂੰ ਭੇਜੀ ਜਾਣ ਵਾਲੀ ਰਿਪੋਰਟ ਅਤੇ ਹੇਠਲੇ ਪੱਧਰ 'ਤੇ ਹੋਣ ਵਾਲੇ ਸਰਵੇਖਣਾਂ ਲਈ ਮੁੱਖ ਮੰਤਰੀ ਤੇ ਮੰਤਰੀ ਮੰਡਲ ਦੀ ਪ੍ਰਵਾਨਗੀ ਜ਼ਰੂਰੀ ਹੋਵੇਗੀ ਅਤੇ ਰਾਜ ਸਰਕਾਰ ਵਲੋਂ ਹੋਏ ਨੁਕਸਾਨ ਸੰਬੰਧੀ ਭੇਜੇ ਜਾਣ ਵਾਲੇ ਅਨੁਮਾਨਾਂ ਤੋਂ ਬਿਨਾਂ ਕੇਂਦਰ ਸਰਕਾਰ ਰਾਹਤ ਗਰਾਂਟ ਵੀ ਜਾਰੀ ਨਹੀਂ ਕਰ ਸਕੇਗੀ | ਰਾਜ 'ਚ ਕੁੱਝ ਖੇਤਰਾਂ 'ਚ ਅੱਜ ਜਿਵੇਂ ਪਾਣੀ ਉੱਤਰਨਾ ਸ਼ੁਰੂ ਹੋ ਗਿਆ ਹੈ, ਰਾਜ ਸਰਕਾਰ ਵਲੋਂ ਉਨ੍ਹਾਂ ਖੇਤਰਾਂ 'ਚ ਸਰਵੇਖਣ ਸ਼ੁਰੂ ਕਰਵਾਇਆ ਜਾ ਸਕਦਾ ਹੈ, ਜਿਸ ਲਈ ਸਰਕਾਰੀ ਪੱਧਰ 'ਤੇ ਹੁਕਮ ਜਾਰੀ ਕਰਨੇ ਹੋਣਗੇ | ਵਰਨਣਯੋਗ ਹੈ ਕਿ ਮੁੱਖ ਮੰਤਰੀ ਕੋਈ ਇਕ ਸਾਲ ਪਹਿਲਾਂ ਵੀ ਅਚਾਨਕ ਫੋਰਟਿਸ ਹਸਪਤਾਲ ਦਾਖ਼ਲ ਹੋਏ ਸਨ ਤੇ 2-3 ਦਿਨ ਉੱਥੇ ਰਹੇ ਸਨ | ਉਸ ਸਮੇਂ ਵੀ ਮੁੱਖ ਮੰਤਰੀ ਫੋਰਟਿਸ ਦੇ ਹਾਰਟ ਵਿਭਾਗ 'ਚ ਰੱਖੇ ਗਏ ਸਨ ਤੇ ਇਸ ਵਾਰ ਵੀ ਉਨ੍ਹਾਂ ਨੂੰ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਹੀ ਦੇਖ ਰਹੇ ਹਨ | ਹਸਪਤਾਲ ਦੇ ਸੂਤਰਾਂ ਅਨੁਸਾਰ ਮੁੱਖ ਮੰਤਰੀ ਦਾ 'ਹਾਰਟ ਰੇਟ' (ਦਿਲ ਦੀ ਗਤੀ) ਕਾਫ਼ੀ ਘਟੀ ਹੋਈ ਸੀ ਤੇ ਨਬਜ਼ ਵੀ ਹੌਲੀ ਚੱਲ ਰਹੀ ਸੀ ਪਰ ਹਸਪਤਾਲ ਦੇ ਸੂਤਰਾਂ ਨੇ ਰਾਤ 10 ਵਜੇ ਦੱਸਿਆ ਕਿ ਹੁਣ ਉਨ੍ਹਾਂ ਦੇ ਦਿਲ ਦੀ ਗਤੀ 'ਚ ਸੁਧਾਰ ਹੋ ਰਿਹਾ ਹੈ |