• 18 ਜ਼ਿਲਿ੍ਹਆਂ 'ਚ 1.72 ਲੱਖ ਹੈਕਟੇਅਰ ਖੇਤੀ ਜ਼ਮੀਨ ਨੁਕਸਾਨੀ • ਘਰਾਂ, ਪਸ਼ੂਆਂ ਤੇ ਜਨਤਕ ਬੁਨਿਆਦੀ ਢਾਂਚੇ ਦਾ ਵੀ ਹੋਇਆ ਵੱਡਾ ਨੁਕਸਾਨ
ਚੰਡੀਗੜ੍ਹ, 6 ਸਤੰਬਰ (ਵਿਕਰਮਜੀਤ ਸਿੰਘ ਮਾਨ)-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਹ ਪਿਛਲੇ ਪੰਜ ਦਹਾਕਿਆਂ 'ਚ ਸਭ ਤੋਂ ਭਿਆਨਕ ਹੜ੍ਹ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਤੇ ਨਾਲ ਲਗਦੇ ਪਹਾੜੀ ਰਾਜਾਂ 'ਚ ਲਗਾਤਾਰ ਪੈ ਰਹੇ ਮੀਂਹ ਨੇ ਵਿਆਪਕ ਤਬਾਹੀ ਮਚਾਈ ਹੈ, ਜਿਸ ਨਾਲ ਲਗਭਗ 2,000 ਪਿੰਡ ਪ੍ਰਭਾਵਿਤ ਹੋਏ ਹਨ | ਇਸ ਸੰਕਟ ਨੇ 4 ਲੱਖ ਤੋਂ ਵੱਧ ਨਾਗਰਿਕਾਂ ਨੂੰ ਪ੍ਰਭਾਵਿਤ ਕੀਤਾ ਹੈ ਜਦਕਿ 14 ਜ਼ਿਲਿ੍ਹਆਂ 'ਚ 43 ਮੌਤਾਂ ਹੋਈਆਂ ਹਨ | ਰਾਜ ਦੀ ਆਰਥਿਕਤਾ ਦਾ ਆਧਾਰ ਮੰਨੇ ਜਾਂਦੇ ਖੇਤੀਬਾੜੀ ਸੈਕਟਰ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ, ਜਿਸ 'ਚ 18 ਜ਼ਿਲਿ੍ਹਆਂ 'ਚ 1.72 ਲੱਖ ਹੈਕਟੇਅਰ ਖੇਤੀਬਾੜੀ ਜ਼ਮੀਨ ਨੂੰ ਨੁਕਸਾਨ ਪਹੁੰਚਿਆ ਹੈ | ਇਸ ਤੋਂ ਇਲਾਵਾ ਬੁਨਿਆਦੀ ਢਾਂਚੇ, ਘਰਾਂ ਤੇ ਪਸ਼ੂਆਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ | ਘੱਗਰ ਨਦੀ 'ਚ ਪਾਣੀ ਦਾ ਪੱਧਰ ਵੀ 750 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ | ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਤੋਂ ਸੂਬੇ ਦੇ ਬਕਾਇਆ 60,000 ਕਰੋੜ ਰੁਪਏ ਤੋਂ ਵੱਧ ਜਾਰੀ ਕਰਨ ਦੀ ਮੰਗ ਵੀ ਕੀਤੀ ਹੈ | ਉਨ੍ਹਾਂ ਦੱਸਿਆ ਕਿ 22,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ | ਰਾਜ ਭਰ 'ਚ ਲਗਭਗ 200 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ, ਜਿੱਥੇ 7,000 ਤੋਂ ਵੱਧ ਪ੍ਰਭਾਵਿਤ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ | ਬਚਾਅ ਤੇ ਰਾਹਤ ਕਾਰਜਾਂ ਲਈ ਐਨ. ਡੀ. ਆਰ. ਐਫ. ਦੀਆਂ 24 ਟੀਮਾਂ ਤੇ ਐਸ. ਡੀ. ਆਰ. ਐਫ. ਦੀਆਂ 2 ਟੀਮਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਨੂੰ 144 ਕਿਸ਼ਤੀਆਂ ਤੇ ਇਕ ਸਰਕਾਰੀ ਹੈਲੀਕਾਪਟਰ ਮੁਹੱਈਆ ਕਰਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਨੇ ਰਾਹਤ ਕਾਰਜਾਂ ਲਈ 71 ਕਰੋੜ ਰੁਪਏ ਜਾਰੀ ਕੀਤੇ ਹਨ | ਕੇਂਦਰ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾਅਵਾ ਕਰਦੀ ਹੈ ਕਿ ਇਸ ਵਲੋਂ ਸੂਬੇ 'ਚ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ, ਪਰ ਅਜੇ ਤੱਕ ਰਾਜ ਤੋਂ ਅਜਿਹਾ ਕੋਈ ਡਾਟਾ ਨਹੀਂ ਮੰਗਿਆ |
ਹੜ੍ਹਾਂ ਕਾਰਨ 2 ਹਜ਼ਾਰ ਪਿੰਡ ਤੇ 4 ਲੱਖ ਤੋਂ ਵੱਧ ਲੋਕ ਪ੍ਰਭਾਵਿਤ, 14 ਜ਼ਿਲਿ੍ਹਆਂ 'ਚ 43 ਮੌਤਾਂ-ਚੀਮਾ
ਅਜੀਤ ਡੈਸਕ
07-09-2025