ਬੈਰਕ ਬਦਲੀ ਸੰਬੰਧੀ ਅਰਜ਼ੀ 'ਤੇ ਫ਼ੈਸਲਾ 9 ਨੂੰ
ਐੱਸ. ਏ. ਐੱਸ. ਨਗਰ, 6 ਸਤੰਬਰ (ਕਪਿਲ ਵਧਵਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਨਿਆਇਕ ਹਿਰਾਸਤ ਦਾ ਸਮਾਂ ਪੂਰਾ ਹੋਣ 'ਤੇ ਅੱਜ ਉਨ੍ਹਾਂ ਨੂੰ ਮੁਹਾਲੀ ਅਦਾਲਤ ਵਿਖੇ ਉਨ੍ਹਾਂ ਦੇ ਵਕੀਲ ਐੱਚ. ਐੱਸ. ਧਨੋਆ, ਦਮਨਬੀਰ ਸਿੰਘ ਸੋਬਤੀ ਤੇ ਸਹਿ-ਵਕੀਲ ਏਕ ਓਮਪਾਲ ਸਿੰਘ ਦੀ ਮੌਜੂਦਗੀ ਵਿਚ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਮਜੀਠੀਆ ਦਾ ਜੁਡੀਸ਼ੀਅਲ ਰਿਮਾਂਡ 20 ਸਤੰਬਰ ਤੱਕ ਵਧਾ ਦਿੱਤਾ | ਇਸ ਮੌਕੇ ਵਿਸ਼ੇਸ਼ ਜੱਜ ਵਿਜੀਲੈਂਸ ਹਰਦੀਪ ਸਿੰਘ ਦੀ ਅਦਾਲਤ ਵਿਚ ਮਜੀਠੀਆ ਦੀ ਬੈਰਕ ਬਦਲੀ ਸੰਬੰਧੀ ਅਰਜ਼ੀ 'ਤੇ ਫ਼ੈਸਲਾ 9 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ | ਇਸਦੇ ਨਾਲ ਹੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਇਸਤਗਾਸਾ ਪੱਖ ਵਲੋਂ ਦਾਇਰ ਚਾਰਜਸ਼ੀਟ ਦੀ ਹਾਰਡ ਕਾਪੀ ਸਪਲਾਈ ਕਰਨ ਲਈ ਅਦਾਲਤ ਨੇ 9 ਸਤੰਬਰ ਦੀ ਤਰੀਕ ਤੈਅ ਕੀਤੀ ਹੈ | ਜ਼ਿਕਰਯੋਗ ਹੈ ਕਿ ਅੱਜ ਦੀ ਸੁਣਵਾਈ ਮੌਕੇ ਵਿਜੀਲੈਂਸ ਦੇ ਅਧਿਕਾਰੀਆਂ ਸਮੇਤ ਵਿਸ਼ੇਸ਼ ਵਕੀਲ ਫੈਰੀ ਸੋਫਤ ਤੇ ਪ੍ਰੀਤਇੰਦਰ ਪਾਲ ਸਿੰਘ ਵੀ ਅਦਾਲਤ 'ਚ ਮੌਜੂਦ ਰਹੇ |
ਮਜੀਠੀਆ ਦੀ ਨਿਆਇਕ ਹਿਰਾਸਤ 'ਚ 14 ਦਿਨਾਂ ਦਾ ਹੋਰ ਵਾਧਾ
ਅਜੀਤ ਡੈਸਕ
07-09-2025