• ਭਾਖੜਾ ਡੈਮ 'ਚ ਪਾਣੀ ਦਾ ਪੱਧਰ 2 ਫੁੱਟ ਹੇਠਾਂ
• ਸਤਲੁਜ 'ਚ ਛੱਡਿਆ 70 ਹਜ਼ਾਰ ਕਿਊਸਿਕ ਪਾਣੀ
ਸੰਦੀਪ ਕੁਮਾਰ ਮਾਹਨਾ
ਚੰਡੀਗੜ੍ਹ, 6 ਸਤੰਬਰ-ਭਾਵੇਂ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਘਟਣ ਨਾਲ ਵੱਡੀ ਰਾਹਤ ਮਿਲੀ ਹੈ, ਪਰ ਪੰਜਾਬ 'ਚ ਹੜ੍ਹਾਂ ਦਾ ਖ਼ਤਰਾ ਹਾਲੇ ਟਲਿਆ ਨਹੀਂ ਹੈ | ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਭਾਖੜਾ ਤੋਂ ਲਗਭਗ 70 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ 'ਚੋਂ ਸਿਰਫ਼ 50 ਹਜ਼ਾਰ ਕਿਊਸਿਕ ਪਾਣੀ ਸਤਲੁਜ ਦਰਿਆ 'ਚ ਛੱਡਿਆ ਜਾ ਰਿਹਾ ਹੈ | ਡੈਮ ਦੀ ਗੋਬਿੰਦ ਸਾਗਰ ਝੀਲ 'ਚ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ, ਪਰ ਡੈਮ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ 2 ਫੁੱਟ ਘੱਟ ਹੈ | ਭਾਖੜਾ ਡੈਮ ਦੇ ਚਾਰੇ ਫਲੱਡ ਗੇਟ 7-7 ਫੁੱਟ ਖੋਲ੍ਹ ਦਿੱਤੇ ਗਏ ਹਨ | ਅੱਜ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1678.14 ਫੁੱਟ ਹੈ | ਭਾਖੜਾ ਡੈਮ 'ਚ ਪਾਣੀ ਦੀ ਆਮਦ 62483 ਕਿਊਸਿਕ ਹੈ | ਭਾਖੜਾ ਡੈਮ ਤੋਂ ਟਰਬਾਈਨਾਂ ਤੇ ਫਲੱਡ ਗੇਟਾਂ ਰਾਹੀਂ 74151 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ | ਨੰਗਲ ਡੈਮ ਤੋਂ ਵੱਖ-ਵੱਖ ਨਹਿਰਾਂ ਤੇ ਸਤਲੁਜ ਦਰਿਆ 'ਚ ਪਾਣੀ ਛੱਡਿਆ ਜਾ ਰਿਹਾ ਹੈ | ਬੀਤੇ ਦਿਨੀਂ ਲੁਧਿਆਣਾ ਜ਼ਿਲੇ੍ਹ ਦੇ ਸਸਰਾਲੀ ਪਿੰਡ 'ਚ ਧੁੱਸੀ ਬੰਨ ਦੀ ਮਿੱਟੀ ਖਿਸਕ ਗਈ, ਜਿਸ ਤੋਂ ਬਾਅਦ ਉੱਥੇ ਫੌਜ ਬੁਲਾਉਣੀ ਪਈ | ਇਸ ਤੋਂ ਇਲਾਵਾ ਰੋਪੜ ਦੇ ਆਖ਼ਰੀ ਪਿੰਡ 'ਚ ਪਾਣੀ ਨੇ ਧੁੱਸੀ ਬੰਨ੍ਹ ਨੂੰ ਢਾਹ ਲਗਾਈ ਹੋਈ ਹੈ | ਇਸ ਕਾਰਨ ਪਿੰਡ ਗਿਣਤੀ 'ਚ ਇਲਾਕਾ ਵਾਸੀ ਇਸ ਨੂੰ ਰੋਕਣ ਲਈ ਉਪਰਾਲਾ ਕਰ ਰਹੇ ਹਨ | ਇਸ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡ ਦਾਊਦਪੁਰ 'ਚ ਵੀ ਧੁੱਸੀ ਬੰਨ੍ਹ ਨੂੰ ਪਾਣੀ ਨੇ ਢਾਹ ਲਗਾਈ ਹੋਈ ਹੈ, ਜ਼ਿਲ੍ਹਾ ਪ੍ਰਸ਼ਾਸਨ ਮੁਤਾਬਿਕ ਉੱਥੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ | ਦੂਜੇ ਪਾਸੇ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦਾ ਪਾਣੀ ਦਾ ਪੱਧਰ ਘਟ ਕੇ 1394.63 ਹੋ ਗਿਆ ਹੈ, ਜੋ ਕਿ ਸਿਰਫ਼ 9 ਸੈਂਟੀਮੀਟਰ ਹੀ ਘੱਟ ਹੋਇਆ ਹੈ ਜਦਕਿ ਵੱਡੀ ਰਾਹਤ ਇਹ ਹੈ ਕਿ ਇਸ ਸਮੇਂ ਡੈਮ 'ਚ ਪਾਣੀ ਦੀ ਆਮਦ 69543 ਕਿਊਸਿਕ ਹੈ ਤੇ ਡੈਮ ਤੋਂ ਬਿਆਸ ਦਰਿਆ 'ਚ 99673 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ | ਹਿਮਾਚਲ 'ਚ ਮੀਂਹ ਨਾ ਪੈਣ ਕਾਰਨ ਪੰਜਾਬ ਦੇ ਕੁਝ ਜ਼ਿਲਿ੍ਹਆਂ 'ਚ ਰਾਹਤ ਮਹਿਸੂਸ ਕੀਤੀ ਗਈ ਹੈ ਜਦਕਿ ਬਿਆਸ 'ਚ ਸ਼ਾਮਿਲ ਹੋਣ ਵਾਲੀਆਂ ਛੋਟੀਆਂ ਤੇ ਵੱਡੀਆਂ ਨਦੀਆਂ ਤੇ ਨਾਲਿਆਂ 'ਚ ਪਾਣੀ ਦੀ ਆਮਦ ਵੀ ਘਟ ਦਰਜ ਕੀਤੀ ਗਈ ਹੈ |
ਹੜ੍ਹਾਂ ਕਾਰਨ ਨਾਜ਼ੁਕ ਬਣੇ ਪੰਜਾਬ ਦੇ ਹਾਲਾਤ
ਪੰਜਾਬ 'ਚ ਹੜ੍ਹਾਂ ਦੀ ਗੱਲ ਕਰੀਏ ਤਾਂ ਤਬਾਹੀ ਦਾ ਮੰਜ਼ਰ ਰੂਹ ਕੰਬਾਉਣ ਵਾਲਾ ਹੈ | ਸੂਬੇ ਦੇ ਲਗਭਗ ਸਾਰੇ 23 ਜ਼ਿਲ੍ਹੇ ਹੜ੍ਹ ਪ੍ਰਭਾਵਿਤ ਹਨ | ਜਾਣਕਾਰੀ ਅਨੁਸਾਰ 1900 ਤੋਂ ਵੱਧ ਪਿੰਡ ਪਾਣੀ 'ਚ ਡੁੱਬੇ ਹੋਏ ਹਨ | ਲਗਭਗ 1.5 ਲੱਖ ਹੈਕਟੇਅਰ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ | ਫ਼ੌਜ ਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਰਾਹਤ ਤੇ ਬਚਾਅ ਕਾਰਜਾਂ 'ਚ ਲੱਗੀਆਂ ਹੋਈਆਂ ਹਨ |
ਮਰਨ ਵਾਲਿਆਂ ਦੀ ਗਿਣਤੀ 40 ਤੋਂ ਪਾਰ
ਪੰਜਾਬ ਚ ਹੜ੍ਹਾਂ ਕਾਰਨ ਹੋਈਆ ਮੌਤਾਂ ਦੀ ਗਿਣਤੀ 40 ਤੋਂ ਪਾਰ ਹੋ ਗਈ ਹੈ | ਸੂਚਨਾ ਤੇ ਲੋਕ ਸੰਪਰਕ ਵਿਭਾਗ ਅਨੁਸਾਰ ਅੰਮਿ੍ਤਸਰ (5), ਬਰਨਾਲਾ (5), ਬਠਿੰਡਾ (4), ਫ਼ਾਜ਼ਿਲਕਾ (1), ਫ਼ਿਰੋਜ਼ਪੁਰ (1), ਗੁਰਦਾਸਪੁਰ (2), ਹੁਸ਼ਿਆਰਪੁਰ (7), ਮਾਨਸਾ (3), ਪਠਾਨਕੋਟ (6), ਪਟਿਆਲਾ (1), ਰੂਪਨਗਰ (1), ਸੰਗਰੂਰ (1) ਤੇ ਐਸ.ਏ.ਐਸ ਨਗਰ (2) ਤੇ ਲੁਧਿਆਣਾ (4) 'ਚ ਮੌਤਾਂ ਹੋਈਆਂ ਹਨ | ਤਿੰਨ ਲੋਕ ਅਜੇ ਵੀ ਲਾਪਤਾ ਹਨ |
ਦਿੱਲੀ ਏਮਜ਼ ਨੇ ਭੇਜੀ ਡਾਕਟਰਾਂ ਦੀ ਟੀਮ
ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਨੇ ਡਾਕਟਰਾਂ ਤੇ ਨਰਸਾਂ ਦੀ ਇਕ ਟੀਮ ਭੇਜੀ ਹੈ, ਜੋ ਪੰਜਾਬ ਤੇ ਉੱਤਰੀ ਭਾਰਤ ਦੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਤਾਇਨਾਤ ਕੀਤੀ ਜਾਵੇਗੀ |
ਪੰਜਾਬ 'ਚ ਹਾਲੇ ਟਲਿਆ ਨਹੀਂ ਹੜ੍ਹਾਂ ਦਾ ਖ਼ਤਰਾ
ਅਜੀਤ ਡੈਸਕ
07-09-2025