17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਫ਼ਿਰੋਜ਼ਪੁਰ ਤੋਂ ਦਿੱਲੀ ਤੱਕ ਚੱਲੇਗੀ 'ਵੰਦੇ ਭਾਰਤ ਐਕਸਪ੍ਰੈੱਸ'-ਵੈਸ਼ਨਵ <br/>

Ad Position 21
No active advertisement
ਅਜੀਤ ਡੈਸਕ 24-09-2025

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 23 ਸਤੰਬਰ-ਤਕਰੀਬਨ ਚਾਰ ਦਹਾਕਿਆਂ ਦੀ ਪੰਜਾਬ ਦੀ ਮੰਗ ਨੂੰ ਪੂਰਾ ਕਰਦਿਆਂ ਭਾਰਤੀ ਰੇਲਵੇ ਨੇ ਰਾਜਪੁਰਾ-ਮੋਹਾਲੀ ਨਵੀਂ ਲਾਈਨ ਨੂੰ ਮਨਜ਼ੂਰੀ ਦੇ ਦਿੱਤੀ ਹੈ | ਤਕਰੀਬਨ 18 ਕਿਲੋਮੀਟਰ ਲੰਮੀ ਰੇਲਵੇ ਲਾਈਨ ਮੋਹਾਲੀ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਤੋਂ ਲੰਘੇਗੀ | ਇਸ ਰੇਲਵੇ ਲਾਈਨ ਦੇ 2 ਤੋਂ 3 ਸਾਲ ਦੇ ਸਮੇਂ 'ਚ ਪੂਰਾ ਹੋਣ ਦੀ ਸੰਭਾਵਨਾ ਹੈ | ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੰਗਲਵਾਰ ਨੂੰ ਰੇਲ ਭਵਨ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਵਿਚ ਉਕਤ ਜਾਣਕਾਰੀ ਦਿੱਤੀ | ਰੇਲਵੇ ਵਲੋਂ ਇਕ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਚਲਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ | ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਤੂਬਰ 'ਚ ਫਿਰੋਜ਼ਪੁਰ ਕੈਂਟ 'ਚ ਇਸ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣਗੇ | ਬਠਿੰਡਾ, ਪਟਿਆਲਾ ਤੋਂ ਹੁੰਦਿਆਂ ਦਿੱਲੀ ਦੇ ਮਾਰਗ 'ਤੇ ਚੱਲੇਗੀ | ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਾਜਪੁਰਾ ਮੋਹਾਲੀ ਨਵੀਂ ਲਾਈਨ ਦੀ ਮੰਗ 1976 ਤੋਂ ਬਕਾਇਆ ਚਲੀ ਆ ਰਹੀ ਹੈ ਜਿਸ ਨੂੰ ਕਈ ਸੰਸਦ ਮੈਂਬਰਾਂ ਨੇ ਦੋਵਾਂ ਸਦਨਾਂ 'ਚ ਚੁੱਕਿਆ ਅਤੇ ਕਈ ਮੁੱਖ ਮੰਤਰੀਆਂ ਜਿਨ੍ਹਾਂ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਸ਼ਾਮਿਲ ਸਨ, ਨੇ ਆਪੋ-ਆਪਣੇ ਸਮੇਂ ਦੇ ਰੇਲ ਮੰਤਰੀਆਂ ਨੂੰ ਚਿੱਠੀਆਂ ਲਿਖ ਕੇ ਇਹ ਮੰਗ ਦੁਹਰਾਈ ਪਰ ਪੰਜਾਬ ਦੀ ਇਸ ਬਕਾਇਆ ਮੰਗ ਨੂੰ ਹੁਣ ਰੇਲਵੇ ਦੀ ਮਨਜ਼ੂਰੀ ਮਿਲ ਗਈ ਹੈ | 18 ਕਿਲੋਮੀਟਰ ਲੰਬੀ ਰੇਲ ਲਾਈਨ 443 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ | ਬਿੱਟੂ ਨੇ ਇਹ ਰੇਲਵੇ ਲਾਈਨ 2 ਤੋਂ 3 ਸਾਲ ਦੇ ਸਮੇਂ 'ਚ ਪੂਰਾ ਹੋਣ ਦੀ ਆਸ ਪ੍ਰਗਟਾਈ | ਇਸ ਰੇਲਵੇ ਲਾਈਨ ਦੇ ਬਣਨ ਨਾਲ ਮਾਲਵਾ ਖੇਤਰ ਦੇ ਸਾਰੇ 13 ਜ਼ਿਲ੍ਹੇ ਹੁਣ ਰਾਜਧਾਨੀ ਚੰਡੀਗੜ੍ਹ ਨਾਲ ਜੁੜ ਜਾਣਗੇ | ਰੇਲ ਮੰਤਰੀ ਵੈਸ਼ਨਵ ਨੇ ਇਸ ਲਾਈਨ ਬਾਰੇ ਦੱਸਦਿਆਂ ਕਿਹਾ ਕਿ ਪਹਿਲਾਂ ਲੁਧਿਆਣਾ ਤੋਂ ਚੰਡੀਗੜ੍ਹ ਜਾਣ ਵਾਲੀਆਂ ਰੇਲਗੱਡੀਆਂ ਨੂੰ ਅੰਬਾਲਾ ਰਾਹੀਂ ਜਾਣਾ ਪੈਂਦਾ ਸੀ, ਜਿਸ ਨਾਲ ਦੂਰੀ ਅਤੇ ਸਮਾਂ ਦੋਵੇਂ ਵਧ ਜਾਂਦੇ ਸਨ | ਹੁਣ ਰਾਜਪੁਰਾ ਤੋਂ ਮੋਹਾਲੀ ਤੱਕ ਸਿੱਧਾ ਸੰਪਰਕ ਹੋਣ ਨਾਲ ਤਕਰੀਬਨ 66 ਕਿਲੋਮੀਟਰ ਦੀ ਦੂਰੀ ਘਟੇਗੀ | ਇਸ ਲਾਈਨ 'ਚ ਘੱਟ ਤੋਂ ਘੱਟ ਕਿਸਾਨੀ ਜ਼ਮੀਨ ਨੂੰ ਵਰਤੋਂ 'ਚ ਲਿਆਉਣ ਲਈ ਨਾਭਾ ਰਾਜਪੁਰਾ ਇਲਾਕੇ ਦੀ ਚੋਣ ਕੀਤੀ ਗਈ, ਜਿੱਥੋਂ 58 ਹੈਕਟੇਅਰ ਜ਼ਮੀਨ ਕਿਸਾਨਾਂ ਤੋਂ ਲਈ ਜਾਵੇਗੀ |
ਰਵਨੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਮੀਨ ਰਾਜ ਦਾ ਵਿਸ਼ਾ ਹੋਣ ਕਾਰਨ ਜ਼ਮੀਨ ਹਾਸਲ ਕਰਨ ਦਾ ਜ਼ਿੰਮਾ ਸੂਬਾ ਸਰਕਾਰ ਦਾ ਹੈ ਪਰ ਆਰਥਿਕ ਪੱਖੋਂ ਕਮਜ਼ੋਰ ਪੰਜਾਬ ਦੇ ਇਸ ਪ੍ਰਾਜੈਕਟ 'ਚ ਜ਼ਮੀਨ ਦਾ ਮੁੱਲ ਵੀ ਕੇਂਦਰ ਸਰਕਾਰ ਵਲੋਂ ਦਿੱਤਾ ਜਾਵੇਗਾ | ਰੇਲ ਮੰਤਰੀ ਵੈਸ਼ਨਵ ਨੇ ਕਿਹਾ ਕਿ ਜ਼ਮੀਨ ਹਾਸਲ ਕਰਨ ਦੇ ਅਮਲ 'ਚ ਤੇਜ਼ੀ ਲਿਆਉਣ ਲਈ ਉਹ ਆਪ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਨ ਕਰਨਗੇ ਅਤੇ ਰੇਲਵੇ ਚੇਅਰਮੈਨ ਵਲੋਂ ਮੁੱਖ ਸਕੱਤਰ ਨੂੰ ਚਿੱਠੀ ਵੀ ਭੇਜੀ ਜਾਵੇਗੀ | ਰੇਲ ਮੰਤਰੀ ਨੇ ਕਿਹਾ ਕਿ ਇਸ ਟਰੈਕ ਦੇ ਬਣਨ ਨਾਲ ਧਾਰਮਿਕ ਸਥਾਨਾਂ ਨਾਲ ਸੰਪਰਕ ਵੀ ਵਧੇਗਾ ਜਿਨ੍ਹਾਂ 'ਚ ਗੁਰਦੁਆਰਾ ਫਤਹਿਗੜ੍ਹ ਸਾਹਿਬ, ਸ਼ੇਖ ਅਹਿਮਦ ਅਲ ਫਾਰੂਕੀ ਅਲ ਸਰਹਿੰਦੀ ਦੀ ਦਰਗਾਹ, ਹਵੇਲੀ ਦੀਵਾਨ ਟੋਡਰ ਮੱਲ, ਸੰਘੋਲ ਮਿਊਜ਼ੀਅਮ ਆਦਿ ਸ਼ਾਮਿਲ ਹਨ |
ਹਫਤੇ 'ਚ 6 ਦਿਨ ਚੱਲੇਗੀ ਵੰਦੇ ਭਾਰਤ
ਅਕਤੂਬਰ ਮਹੀਨੇ 'ਚ ਪੰਜਾਬ ਨੂੰ ਤੀਜੀ ਵੰਦੇ ਭਾਰਤ ਗੱਡੀ ਮਿਲ ਸਕਦੀ ਹੈ | ਇਹ ਗੱਡੀ ਫਿਰੋਜ਼ਪੁਰ ਕੈਂਟ ਤੋਂ ਚੱਲ ਕੇ ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ ਕੈਂਟ, ਕੁਰੂਕਸ਼ੇਤਰ ਅਤੇ ਪਾਣੀਪਤ ਹੁੰਦਿਆਂ ਹੋਇਆਂ ਦਿੱਲੀ ਪਹੁੰਚੇਗੀ | ਇਹ 486 ਕਿਲੋਮੀਟਰ ਦਾ ਸਫਰ 6 ਘੰਟੇ 40 ਮਿੰਟ 'ਚ ਪੂਰਾ ਹੋਵੇਗਾ | ਇਹ ਗੱਡੀ ਸਵੇਰੇ 7 ਵੱਜ ਕੇ 55 ਮਿੰਟ 'ਤੇ ਫਿਰੋਜ਼ਪੁਰ ਕੈਂਟ ਤੋਂ ਚੱਲੇਗੀ ਅਤੇ ਦੁਪਹਿਰ ਢਾਈ ਵਜੇ ਦਿੱਲੀ ਪਹੰਚੇਗੀ | ਇੰਝ ਹੀ ਸ਼ਾਮ ਨੂੰ ਚਾਰ ਵਜੇ ਦਿੱਲੀ ਤੋਂ ਚੱਲੇਗੀ ਅਤੇ ਰਾਤ 10 ਵੱਜ ਕੇ 35 ਮਿੰਟ 'ਤੇ ਫਿਰੋਜ਼ਪੁਰ ਪਹੁੰਚੇਗੀ | ਇਹ ਹਫ਼ਤੇ 'ਚ 6 ਦਿਨ ਚੱਲੇਗੀ ਅਤੇ ਬੁੱਧਵਾਰ ਨੂੰ ਗੱਡੀ ਨਹੀਂ ਚੱਲੇਗੀ |
24 ਗੁਣਾਂ ਵਧਿਆ ਪੰਜਾਬ ਲਈ ਬਜਟ
ਵੈਸ਼ਨਵ ਨੇ ਪੰਜਾਬ ਦੇ ਰੇਲਵੇ ਪ੍ਰਾਜੈਕਟਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ 2014 ਤੋਂ ਪਹਿਲਾਂ ਰੇਲਵੇ ਬਜਟ 'ਚ ਪੰਜਾਬ ਨੂੰ ਔਸਤਨ 225 ਕਰੋੜ ਰੁਪਏ ਸਾਲਾਨਾ ਮਿਲਦੇ ਸਨ ਜਿਸ ਨੂੰ ਵਧਾ ਕੇ ਹੁਣ 5421 ਕਰੋੜ ਰੁਪਏ ਭਾਵ 24 ਗੁਣਾ ਵਧਾ ਦਿੱਤਾ ਗਿਆ ਹੈ | ਇਸ ਵੇਲੇ ਪੰਜਾਬ 'ਚ ਰੇਲਵੇ ਦਾ ਤਕਰੀਬਨ 25 ਹਜ਼ਾਰ ਕਰੋੜ ਦਾ ਨਿਵੇਸ਼ ਹੈ | ਪੰਜਾਬ 'ਚ ਰੇਲਵੇ ਦੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ 'ਚ 407 ਅੰਡਰ ਪਾਸ ਅਤੇ ਫਲਾਈਓਵਰ ਬਣਾਏ ਜਾ ਰਹੇ ਹਨ | ਇਸ ਤੋਂ ਇਲਾਵਾ 1122 ਕਰੋੜ ਰੁਪਏ ਦੀ ਲਾਗਤ ਨਾਲ 30 ਅੰਮਿ੍ਤ ਸਟੇਸ਼ਨ ਬਣਾਏ ਜਾ ਰਹੇ ਹਨ | ਪਿਛਲੇ 10 ਸਾਲਾਂ 'ਚ ਪੰਜਾਬ ਦੀ ਤਕਰੀਬਨ 1634 ਕਿਲੋਮੀਟਰ ਰੇਲਵੇ ਲਾਈਨ ਦੇ ਬਿਜਲੀਕਰਨ ਨਾਲ ਪੰਜਾਬ 'ਚ ਰੇਲਵੇ ਦਾ 100 ਫ਼ੀਸਦੀ ਬਿਜਲੀਕਰਨ ਪੂਰਾ ਹੋ ਚੁੱਕਾ ਹੈ |
ਸਾਲ 2027 'ਚ 7 ਰੇਲਵੇ ਪ੍ਰਾਜੈਕਟਾਂ ਦੇ ਪੂਰੇ ਹੋਣ ਦੀ ਆਸ
ਪੰਜਾਬ 'ਚ ਇਸ ਵੇਲੇ ਰੇਲਵੇ ਵਲੋਂ 7 ਪ੍ਰਾਜੈਕਟ ਚਲਾਏ ਜਾ ਰਹੇ ਹਨ, ਜਿਨ੍ਹਾਂ 'ਚ ਨੰਗਲ ਡੈਮ-ਤਲਵਾੜਾ ਨਿਊ ਲਾਈਨ, ਬਾਨਪਾਲੀ-ਬਿਲਾਸਪੁਰ-ਬੇਰੀ ਨਿਊੁ ਲਾਈਨ, ਫਿਰੋਜ਼ਪੁਰ-ਪੱਟੀ ਨਿਊ ਲਾਈਨ, ਮਾਨਸਾ ਬਠਿੰਡਾ ਦੋਹਰੀਕਰਨ, ਲੁਧਿਆਣਾ-ਕਿਲ੍ਹਾ ਰਾਏਪੁਰ ਦੋਹਰੀਕਰਨ, ਲੁਧਿਆਣਾ-ਮੁੱਲਾਂਪੁਰ ਦੋਹਰੀਕਰਨ ਅਤੇ ਅਲਾਲ-ਹਿੰਮਤਾਨਾ ਦੋਹਰੀਕਰਨ ਪ੍ਰਾਜੈਕਟ ਸ਼ਾਮਿਲ ਹਨ | ਵੈਸ਼ਨਵ ਨੇ ਕਿਹਾ ਕਿ ਇਹ ਸਾਰੇ ਪ੍ਰਾਜੈਕਟ ਸਾਲ 2027 ਤੱਕ ਪੂਰੇ ਹੋਣ ਦੀ ਉਮੀਦ ਹੈ |
ਦੀਵਾਲੀ ਅਤੇ ਛੱਠ 'ਤੇ ਚੱਲਣਗੀਆਂ 12 ਹਜ਼ਾਰ ਵਿਸ਼ੇਸ਼ ਗੱਡੀਆਂ
ਦੀਵਾਲੀ ਅਤੇ ਛੱਠ 'ਤੇ ਭਾਰਤੀ ਰੇਲਵੇ ਇਸ ਵਾਲ 12 ਹਜ਼ਾਰ ਵਿਸ਼ੇਸ਼ ਰੇਲ ਗੱਡੀਆਂ ਚਲਾਏਗਾ | ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਪਿਛਲੇ ਸਾਲ ਤਿਉਹਾਰਾਂ ਦੇ ਮੌਕੇ ਸਾਢੇ 7 ਹਜ਼ਾਰ ਗੱਡੀਆਂ ਚਲਾਈਆਂ ਗਈਆਂ ਸਨ | ਜਦਕਿ ਇਸ ਵਾਰ 12 ਹਜ਼ਾਰ ਵਿਸ਼ੇਸ਼ ਗੱਡੀਆਂ ਦਾ ਟੀਚਾ ਰੱਖਿਆ ਗਿਆ ਹੈ | ਜਿਨ੍ਹਾਂ 'ਚ 10 ਹਜ਼ਾਰ ਗੱਡੀਆਂ ਨੋਟੀਫਾਈ ਹੋ ਚੁੱਕੀਆਂ ਹਨ | ਇਸ ਤੋਂ ਇਲਾਵਾ 150 ਗੱਡੀਆਂ ਪੂਰੀ ਤਰ੍ਹਾਂ ਅਣਰਿਜ਼ਰਵ ਰੱਖੀਆਂ ਜਾਣਗੀਆਂ ਤਾਂ ਜੋ ਲੋੜ ਪੈਣ 'ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ | ਇਹ ਗੱਡੀਆਂ 1 ਅਕਤੂਬਰ ਤੋਂ 15 ਨਵੰਬਰ ਤੱਕ ਚਲਾਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਸਫ਼ਰ 'ਚ ਮੁਸ਼ਕਿਲ ਨਾ ਆਵੇ |
ਸ੍ਰੀ ਦਰਬਾਰ ਸਾਹਿਬ ਦੀ ਦੀਵਾਲੀ ਵੇਖਣ ਲਈ ਵੀ ਵਿਸ਼ੇਸ਼ ਰੇਲ ਗੱਡੀਆਂ ਦਾ ਕੀਤਾ ਜਾ ਸਕਦਾ ਹੈ ਪ੍ਰਬੰਧ
'ਦਾਲ ਰੋਟੀ ਘਰ ਦੀ, ਦੀਵਾਲੀ ਅੰਮਿ੍ਤਸਰ ਦੀ'
ਅੰਮਿ੍ਤਸਰ ਅਤੇ ਸ੍ਰੀ ਦਰਬਾਰ ਸਾਹਿਬ ਦੀ ਦੀਵਾਲੀ ਦੀਆਂ ਰੌਣਕਾਂ ਅਤੇ ਰੋਸ਼ਨੀਆਂ ਦੀ ਸ਼ਰਧਾਲੂਆਂ 'ਚ ਵਿਸ਼ੇਸ਼ ਖਿੱਚ ਹੁੰਦੀ ਹੈ | ਰੇਲਵੇ ਮੰਤਰੀ ਵਲੋਂ ਜਦੋਂ ਦੀਵਾਲੀ ਅਤੇ ਛੱਠ ਪੂਜਾ 'ਤੇ ਵਿਸ਼ੇਸ਼ ਰੇਲ ਗੱਡੀਆਂ ਦਾ ਐਲਾਨ ਕੀਤਾ ਗਿਆ ਤਾਂ 'ਅਜੀਤ' ਨੇ ਸ੍ਰੀ ਦਰਬਾਰ ਸਾਹਿਬ ਦੀ ਦੀਵਾਲੀ ਵੇਖਣ ਲਈ ਵਿਸ਼ੇਸ਼ ਪ੍ਰਬੰਧਾਂ ਬਾਰੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਆਪ ਇਸ ਸੰਬੰਧ 'ਚ ਰੇਲ ਮੰਤਰੀ ਨਾਲ ਗੱਲ ਕਰਨਗੇ |
ਅਕਤੂਬਰ ਦੇ ਮੱਧ ਤੱਕ ਚੱਲ ਸਕਦੀ ਹੈ ਪਹਿਲੀ ਵੰਦੇ ਭਾਰਤ ਸਲੀਪਰ ਰੇਲ ਗੱਡੀ
ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਕਾਰ ਅਕਤੂਬਰ ਦੇ ਮੱਧ ਤੱਕ ਸ਼ੁਰੂ ਹੋ ਸਕਦੀ ਹੈ | ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਸੰਬੰਧੀ ਕਿਹਾ ਕਿ ਵੰਦੇ ਭਾਰਤ ਸਲੀਪਰ ਗੱਡੀ ਬਣ ਕੇ ਤਿਆਰ ਹੈ ਅਤੇ ਇਸਦੀ ਪਰਖ ਵੀ ਪੂਰੀ ਹੋ ਚੁੱਕੀ ਹੈ | ਪਰ ਵੰਦੇ ਭਾਰਤ ਸਲੀਪਰ ਗੱਡੀ ਨੂੰ ਜੋੜੇ 'ਚ ਚਲਾਉਣਾ ਹੁੰਦਾ ਹੈ ਇਸ ਲਈ ਦੂਜੀ ਗੱਡੀ ਵੀ ਬਣਾਈ ਜਾ ਰਹੀ ਹੈ ਜੋ 10 ਅਕਤੂਬਰ ਤੱਕ ਤਿਆਰ ਹੋ ਜਾਵੇਗੀ | ਦੋਵੇਂ ਗੱਡੀਆਂ ਤਿਆਰ ਹੋਣ ਤੋਂ ਬਾਅਦ ਰੂਟ ਦੀ ਚੋਣ ਕੀਤੀ ਜਾਵੇਗੀ | ਰੇਲ ਮੰਤਰੀ ਨੇ ਕਿਹਾ ਕਿ ਦੋਵੇਂ ਗੱਡੀਆਂ ਇਕੱਠੀਆਂ ਲਾਂਚ ਕੀਤੀਆਂ ਜਾਣਗੀਆਂ, ਜੋ ਕਿ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਰੂਰੀ ਹੈ |

Ad Position 22
No active advertisement
ਪਿਛਲੀ ਖ਼ਬਰ ਡਾਲਰ ਦੇ ਮੁਕਾਬਲੇ ਕਿਉਂ ... ਅਗਲੀ ਖ਼ਬਰ ਪੈਸਿਆਂ ਦੀ ਵਸੂਲੀ ਲਈ ਅਦਾਲਤਾਂ ਰਿਕਵਰੀ ਏਜੰਟ ਵਜੋਂ ਕੰਮ ਨਹੀਂ ਕਰ ਸਕਦੀਆਂ-ਸੁਪਰੀਮ ਕੋਰਟ <br/>
Ad Position 24