ਨਵੀਂ ਦਿੱਲੀ, 23 ਸਤੰਬਰ (ਏਜੰਸੀ)-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਾਲ ਹੀ 'ਚ ਆਏ ਹੜ੍ਹਾਂ ਦੇ ਬਾਅਦ ਪੰਜਾਬ ਅਤੇ ਚੰਡੀਗੜ੍ਹ ਦੀ ਮੌਜੂਦਾ ਸਥਿਤੀ ਅਤੇ ਲਾਗੂ ਕੀਤੇ ਜਾ ਰਹੇ ਰਾਹਤ ਉਪਾਵਾਂ ਬਾਰੇ ਜਾਣੂ ਕਰਵਾਇਆ | ਰਾਜਪਾਲ ਨੇ ਪੰਜਾਬ 'ਚ ਆਏ ਤਬਾਹਕੁਨ ਹੜ੍ਹਾਂ ਦੇ ਬਾਅਦ ਕੀਤੇ ਗਏ ਉਪਾਵਾਂ ਦੀ ਵਿਸਥਾਰ 'ਚ ਜਾਣਕਾਰੀ ਦਿੱਤੀ | ਪੰਜਾਬ ਸਰਕਾਰ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ, ਜਨਤਕ ਬੁਨਿਆਦੀ ਢਾਂਚੇ ਨੂੰ ਬਹਾਲ ਕਰਨ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਪ੍ਰਭਾਵੀ ਰੋਗ ਰੋਕਥਾਮ ਉਪਾਅ ਯਕੀਨੀ ਬਣਾਉਣ 'ਚ ਰਾਜ ਮਸ਼ੀਨਰੀ ਅਤੇ ਸਵੈ ਸੇਵੀ ਸੰਗਠਨਾਂ ਦੇ ਤਾਲਮੇਲ ਨਾਲ ਕੀਤੇ ਜਾ ਰਹੇ ਯਤਨਾਂ 'ਤੇ ਰੌਸ਼ਨੀ ਪਾਈ | ਕਟਾਰੀਆ ਨੇ ਪਾਕਿਸਤਾਨ ਨਾਲ ਲਗਦੀ ਅੰਤਰਰਾਸ਼ਟਰੀ ਸਰਹੱਦ 'ਤੇ ਸੁਰੱਖਿਆ ਅਤੇ ਵਿਕਾਸ ਸੰਬੰਧੀ ਚਿੰਤਾਵਾਂ 'ਤੇ ਵੀ ਚਰਚਾ ਕੀਤੀ | ਉਨ੍ਹਾਂ ਨੇ ਇਸ ਗੱਲ ਦੀ ਲੋੜ 'ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਇਨ੍ਹਾਂ ਸੰਵੇਦਨਸ਼ੀਲ ਖੇਤਰਾਂ 'ਚ ਉਦਯੋਗਾਂ ਨੂੰ ਇਕਾਈਆਂ ਸਥਾਪਿਤ ਕਰਨ ਲਈ ਉਤਸ਼ਾਹਿਤ ਕਰੇ, ਜਿਸ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣ | ਉਨ੍ਹਾਂ ਨੇ ਡਰੋਨ ਵਿਰੋਧੀ ਪ੍ਰਣਾਲੀ ਤੇ ਉੱਚ ਡੈਫੀਨੇਸ਼ਨ ਵਾਲੇ ਕੈਮਰੇ ਸਥਾਪਿਤ ਕਰਕੇ ਅੰਤਰਰਾਸ਼ਟਰੀ ਸਰਹੱਦ 'ਤੇ ਚੌਕਸੀ ਨੂੰ ਮਜ਼ਬੂਤ ਕਰਨ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ | ਸਿੱਖਿਆ 'ਤੇ ਰਾਜਪਾਲ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਅਤੇ ਚੰਡੀਗੜ੍ਹ 'ਚ ਨਵੀਂ ਸਿੱਖਿਆ ਨੀਤੀ ਦੇ ਅਮਲ ਬਾਰੇ ਜਾਣਕਾਰੀ ਦਿੱਤੀ | ਬਿਆਨ 'ਚ ਦੱਸਿਆ ਗਿਆ ਹੈ ਕਿ ਸੰਸਥਾਵਾਂ ਨੂੰ 'ਨੈਕ' (ਐਨ.ਏ.ਏ.ਸੀ.) ਮਾਨਤਾ ਨਾਲ ਜੋੜ ਕੇ ਉੱਚ ਸਿੱਖਿਆ ਦੀ ਗੁਣਵੱਤਾ 'ਚ ਸੁਧਾਰ ਦੇ ਯਤਨ ਜਾਰੀ ਹਨ | ਇਸ ਤੋਂ ਇਲਾਵਾ ਉਨ੍ਹਾਂ ਰਾਜ ਦੇ ਨੌਜਵਾਨਾਂ ਨੂੰ ਜਾਗਰੂਕ ਕਰਨ ਅਤੇ ਇਕ ਸਿਹਤਮੰਦ ਸਮਾਜ ਨੂੰ ਉਤਸ਼ਾਹ ਦੇਣ ਦੇ ਉਦੇਸ਼ ਨਾਲ ਚੱਲ ਰਹੀ ਨਸ਼ਾ ਮੁਕਤੀ ਜਾਗਰੂਕਤਾ ਮੁਹਿੰਮ ਦੀ ਜਾਣਕਾਰੀ ਦਿੱਤੀ | ਕਟਾਰੀਆ ਨੇ ਚੰਡੀਗੜ੍ਹ 'ਚ ਆਰਥਿਕ ਵਿਕਾਸ ਨੂੰ ਗਤੀ ਦੇਣ ਲਈ ਗੁਜਰਾਤ ਇੰਟਰਨੈਸ਼ਨਲ ਫਾਈਨਾਂਸ ਟੈੱਕ-ਸਿਟੀ ਦੀ ਤਰਜ਼ 'ਤੇ ਇਕ 'ਗਿਫਟ ਸਿਟੀ' ਸਥਾਪਿਤ ਕਰਨ ਦੇ ਵਿਚਾਰ 'ਤੇ ਵੀ ਚਰਚਾ ਕੀਤੀ | ਉਨ੍ਹਾਂ ਨੇ ਇਕ ਨਵੀਂ ਖੇਡ ਨੀਤੀ 'ਤੇ ਵੀ ਰੌਸ਼ਨੀ ਪਾਈ ਤੇ ਪ੍ਰਧਾਨ ਮੰਤਰੀ ਨੂੰ ਚੰਡੀਗੜ੍ਹ 'ਚ ਨਵੀਂ ਸਟਾਰਟਅੱਪ ਨੀਤੀ ਬਾਰੇ ਵੀ ਜਾਣਕਾਰੀ ਦਿੱਤੀ |
ਪੰਜਾਬ ਦੇ ਰਾਜਪਾਲ ਕਟਾਰੀਆ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ <br/>
ਅਜੀਤ ਡੈਸਕ
24-09-2025