ਨਾਭਾ, 23 ਸਤੰਬਰ (ਜਗਨਾਰ ਸਿੰਘ ਦੁਲੱਦੀ)-ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਭਾ ਸਥਿਤ ਨਵੀਂ ਜੇਲ੍ਹ ਵਿਚ ਨਜ਼ਰਬੰਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਪਹੁੰਚੇ | ਡੇਰਾ ਮੁਖੀ ਕਰੀਬ 11 ਵਜੇ ਨਾਭਾ ਜੇਲ੍ਹ ਪਹੁੰਚੇ, ਜਿੱਥੇ ਉਨ੍ਹਾਂ ਵਲੋਂ ਮਜੀਠੀਆ ਨਾਲ ਕਰੀਬ 35 ਮਿੰਟ ਮੁਲਾਕਾਤ ਕੀਤੀ ਗਈ | ਡੇਰਾ ਮੁਖੀ ਹੈਲੀਕਾਪਟਰ ਰਾਹੀਂ ਪਹਿਲਾਂ ਨਾਭਾ ਪਹੁੰਚੇ, ਜਿੱਥੋਂ ਉਹ ਆਪਣੀ ਕਾਰ ਵਿਚ ਬੈਠ ਕੇ ਪਹਿਲਾਂ ਡੇਰਾ ਸਤਿਸੰਗ ਭਵਨ ਰਾਧਾ ਸੁਆਮੀ ਪਹੁੰਚੇ | ਸਤਿਸੰਗ ਭਵਨ ਵਿਚ ਮੌਜੂਦ ਸੰਗਤ ਨੂੰ ਦਰਸ਼ਨ ਦੇਣ ਉਪਰੰਤ ਡੇਰਾ ਮੁਖੀ ਨਾਭਾ ਜੇਲ੍ਹ ਲਈ ਰਵਾਨਾ ਹੋਏ | ਡੇਰਾ ਮੁਖੀ ਦੀ ਆਮਦ ਤੋਂ ਪਹਿਲਾਂ ਨਾਭਾ ਜੇਲ੍ਹ ਦੇ ਬਾਹਰ ਸੁਰੱਖਿਆ ਪ੍ਰਬੰਧ ਬੇਹੱਦ ਸਖ਼ਤ ਸਨ | ਮਜੀਠੀਆ ਨਾਲ ਮੁਲਾਕਾਤ ਕਰਨ ਨਵੀਂ ਜ਼ਿਲ੍ਹਾ ਜੇਲ੍ਹ ਦੇ ਬਾਹਰ ਵੱਡੀ ਗਿਣਤੀ 'ਚ ਪਹੁੰਚੀ ਸੰਗਤ ਨੂੰ ਵੀ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਦਰਸ਼ਨ ਦਿੱਤੇ ਗਏ | ਨਵੀਂ ਜ਼ਿਲ੍ਹਾ ਜੇਲ੍ਹ ਵਿਚ ਨਜ਼ਰਬੰਦ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਉਪਰੰਤ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਭਾ ਦੇ ਹੀਰਾ ਮਹਿਲ ਵਿਖੇ ਪਹੁੰਚੇ ਜਿੱਥੇ ਉਹ ਸ਼ਾਹੀ ਪਰਿਵਾਰ ਨੂੰ ਮਿਲੇ | ਇਸ ਮੌਕੇ ਸ਼ਾਹੀ ਮਹਿਲ ਵਿਚ ਮਹਾਰਾਣੀ ਉਮਾ ਸਿੰਘ, ਰਾਣੀ ਪ੍ਰੀਤੀ ਸਿੰਘ, ਯੁਵਰਾਜ ਅਭੀਉਦੇਪ੍ਰਤਾਪ ਸਿੰਘ, ਮਲਕੀਤ ਸਿੰਘ ਐਮ.ਡੀ. ਮਲਕੀਤ ਕੰਬਾਈਨ, ਪਾਖਰ ਸਿੰਘ ਸਹੌਲੀ, ਰਾਕੇਸ਼ ਜੈਨ ਆਦਿ ਮੌਜੂਦ ਸਨ |
ਡੇਰਾ ਬਿਆਸ ਮੁਖੀ ਨੇ ਜੇਲ੍ਹ 'ਚ ਨਜ਼ਰਬੰਦ ਮਜੀਠੀਆ ਨਾਲ ਕੀਤੀ ਮੁਲਾਕਾਤ <br/>
ਅਜੀਤ ਡੈਸਕ
24-09-2025