'ਨੋ ਕਿੰਗਜ਼' ਤਹਿਤ 2600 ਰੈਲੀਆਂ, 70 ਲੱਖ ਲੋਕਾਂ ਵਲੋਂ ਸ਼ਮੂਲੀਅਤ
ਵਾਸ਼ਿੰਗਟਨ, 19 ਅਕਤੂਬਰ (ਏ.ਪੀ.)-ਸਨਿਚਰਵਾਰ ਨੂੰ ਅਮਰੀਕਾ ਭਰ ਦੇ ਸ਼ਹਿਰਾਂ 'ਚ ਪ੍ਰਦਰਸ਼ਨਕਾਰੀਆਂ ਦੇ ਵੱਡੀ ਭੀੜ ਨੇ 'ਨੋ ਕਿੰਗਜ਼' ਪ੍ਰਦਰਸ਼ਨਾਂ ਦੇ ਲਈ ਮਾਰਚ ਅਤੇ ਰੈਲੀਆਂ ਕੱਢੀਆਂ, ਜਿਸ ਵਿਚ ਹਿੱਸਾ ਲੈਣ ਵਾਲਿਆਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ 'ਚ ਸਰਕਾਰ ਦੇ ਤੇਜ਼ੀ ਨਾਲ ਤਾਨਾਸ਼ਾਹੀ ਵੱਲ ਵਧਣ ਦੀ ਨਿੰਦਾ ਕੀਤੀ | 'ਵਿਰੋਧ ਪ੍ਰਦਰਸ਼ਨ ਤੋਂ ਵਧ ਕੇ ਦੇਸ਼ ਭਗਤੀ ਕੁਝ ਨਹੀਂ ਹੈ' ਜਾਂ 'ਫਾਸ਼ੀਵਾਦ ਦਾ ਵਿਰੋਧ ਕਰੋ' ਵਰਗੇ ਨਾਅਰੇ ਲਿਖੇ ਬੈਨਰ ਲੈ ਕੇ ਲੋਕ ਨਿਊਯਾਰਕ ਸ਼ਹਿਰ ਦੇ ਟਾਈਮਸ ਸਕੁਏਅਰ 'ਚ ਇਕੱਠੇ ਹੋ ਗਏ ਅਤੇ ਬੋਸਟਨ, ਅਟਲਾਂਟਾ ਅਤੇ ਸ਼ਿਕਾਗੋ ਦੇ ਪਾਰਕਾਂ 'ਚ ਰੈਲੀਆਂ ਕੀਤੀਆਂ | ਦੇਸ਼ ਭਰ 'ਚ 2600 ਥਾਵਾਂ 'ਤੇ ਕੀਤੀਆਂ ਰੈਲੀਆਂ 'ਚ 70 ਲੱਖ ਲੋਕ ਸ਼ਾਮਿਲ ਹੋਏ | ਪ੍ਰਦਰਸ਼ਨਕਾਰੀਆਂ ਨੇ ਵਾਸ਼ਿੰਗਟਨ ਅਤੇ ਡਾਊਨਟਾਊਨ ਲਾਸ ਏਾਜਲਸ 'ਚ ਮਾਰਚ ਕੀਤਾ ਅਤੇ ਕਈ ਰਿਪਬਲਿਕਨ ਅਗਵਾਈ ਵਾਲੇ ਸੂਬਿਆਂ 'ਚ ਰਾਜਧਾਨੀਆਂ ਦੇ ਬਾਹਰ, ਬਿਲਿੰਗਸ, ਮੋਂਟਾਨਾ ਦੀ ਇਕ ਅਦਾਲਤ ਅਤੇ ਸੈਂਕੜੇ ਹੋਰ ਜਨਤਕ ਸਥਾਨਾਂ 'ਤੇ ਧਰਨਾ ਦਿੱਤਾ | ਟਰੰਪ ਦੀ ਰਿਪਬਲਿਕਨ ਪਾਰਟੀ ਨੇ ਇਨ੍ਹਾਂ ਪ੍ਰਦਰਸ਼ਨਾਂ ਨੂੰ 'ਅਮਰੀਕਾ ਨਾਲ ਨਫਰਤ' ਵਾਲੀਆਂ ਰੈਲੀਆਂ ਦੱਸ ਕੇ ਉਨ੍ਹਾਂ ਦੀ ਨਿੰਦਾ ਕੀਤੀ, ਪ੍ਰੰਤੂ ਕੁਝ ਥਾਵਾਂ 'ਤੇ ਇਹ ਪ੍ਰਦਰਸ਼ਨ ਕਿਸੇ ਸੜਕ ਕੰਢੇ ਪਾਰਟੀ ਵਰਗੇ ਲੱਗ ਰਹੇ ਸਨ | ਮਾਰਚਿੰਗ ਬੈਂਡ, ਅਮਰੀਕੀ ਸੰਵਿਧਾਨ ਦੀ ਪ੍ਰਸਤਾਵਨਾ 'ਵੀ ਦ ਪੀਪਲ' ਵਾਲਾ ਇਕ ਵਿਸ਼ਾਲ ਬੈਨਰ ਜਿਸ 'ਤੇ ਲੋਕ ਦਸਤਖਤ ਕਰ ਸਕਦੇ ਸਨ ਅਤੇ ਪ੍ਰਦਰਸ਼ਨਕਾਰੀ ਹਵਾ ਨਾਲ ਭਰੇ ਕੱਪੜੇ, ਖਾਸ ਕਰਕੇ ਡੱਡੂਆਂ ਵਾਲੇ ਕੱਪੜੇ ਪਹਿਨੇ ਹੋਏ ਸਨ, ਜੋ ਪੋਰਟਲੈਂਡ, ਓਰੇਗਨ 'ਚ ਵਿਰੋਧ ਦੇ ਪ੍ਰਤੀਕ ਵਜੋਂ ਉੱਭਰੇ | ਟਰੰਪ ਦੇ ਵ੍ਹਾਈਟ ਹਾਊਸ ਪਰਤਣ ਤੋਂ ਬਾਅਦ ਇਹ ਤੀਸਰਾ ਸਮੂਹਿਕ ਪ੍ਰਦਰਸ਼ਨ ਸੀ |
ਟਰੰਪ ਖ਼ਿਲਾਫ਼ ਅਮਰੀਕਾ ਭਰ 'ਚ ਰੋਸ ਪ੍ਰਦਰਸ਼ਨ
ਅਜੀਤ ਡੈਸਕ
20-10-2025