26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਮਕਬੂਜ਼ਾ ਕਸ਼ਮੀਰ 'ਚ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ 3 ਮੰਤਰੀਆਂ ਵਲੋਂ ਅਸਤੀਫ਼ਾ

Ad Position 21
No active advertisement
ਅਜੀਤ ਡੈਸਕ 20-10-2025
• ਕਸ਼ਮੀਰੀ ਸ਼ਰਨਾਰਥੀਆਂ ਦੇ ਸੰਵਿਧਾਨਕ ਅਧਿਕਾਰਾਂ ਦੀ ਅਣਦੇਖੀ ਦਾ ਲਗਾਇਆ ਦੋਸ਼
• ਰਾਜਨੀਤਕ ਸੰਕਟ ਪਾਕਿ ਸਰਕਾਰ ਲਈ ਪੈਦਾ ਕਰ ਸਕਦੈ ਇਕ ਨਵੀਂ ਚੁਣੌਤੀ
ਅੰਮਿ੍ਤਸਰ, 19 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) 'ਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਰਾਜਨੀਤਕ ਤੂਫ਼ਾਨ ਉੱਠਿਆ ਹੈ, ਜਿਸ ਦੇ ਚਲਦਿਆਂ ਪੀ. ਓ. ਕੇ. 'ਚ ਪ੍ਰਧਾਨ ਮੰਤਰੀ ਚੌਧਰੀ ਅਨਵਰੁਲ ਹੱਕ ਦੀ ਕੈਬਨਿਟ ਦੇ ਤਿੰਨ ਸੀਨੀਅਰ ਮੰਤਰੀਆਂ ਨੇ ਅਸਤੀਫ਼ਾ ਦੇ ਦਿੱਤਾ ਹੈ | ਦੱਸਣਯੋਗ ਹੈ ਕਿ ਮਕਬੂਜ਼ਾ ਕਸ਼ਮੀਰ 'ਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ | ਪਾਕਿ ਮੀਡੀਆ ਮੁਤਾਬਕ ਅਸਤੀਫ਼ਿਆਂ ਕਾਰਨ ਪੀ. ਓ. ਕੇ. 'ਚ ਪੈਦਾ ਹੋਇਆ ਰਾਜਨੀਤਿਕ ਸੰਕਟ ਪਾਕਿ 'ਚ ਸ਼ਾਹਬਾਜ਼ ਸ਼ਰੀਫ਼ ਸਰਕਾਰ ਲਈ ਇਕ ਨਵੀਂ ਚੁਣੌਤੀ ਪੈਦਾ ਕਰ ਸਕਦਾ ਹੈ | ਦੱਸਿਆ ਜਾ ਰਿਹਾ ਹੈ ਕਿ ਪੀ. ਓ. ਕੇ. ਦੇ ਸੂਚਨਾ ਮੰਤਰੀ ਪੀਰ ਮਜ਼ਹਰ ਸਈਦ ਅਸਤੀਫ਼ਾ ਦੇਣ ਵਾਲੇ ਪਹਿਲੇ ਵਿਅਕਤੀ ਸਨ | ਇਸ ਤੋਂ ਬਾਅਦ ਵਿੱਤ ਮੰਤਰੀ ਅਬਦੁਲ ਮਜੀਦ ਖ਼ਾਨ, ਖ਼ੁਰਾਕ ਮੰਤਰੀ ਚੌਧਰੀ ਅਕਬਰ ਇਬਰਾਹਿਮ ਤੇ ਅਸੀਮ ਸ਼ਰੀਫ਼ ਬੱਟ ਨੇ ਆਪਣੇ ਅਸਤੀਫ਼ਿਆਂ ਦਾ ਐਲਾਨ ਕੀਤਾ | ਸੂਚਨਾ ਮੰਤਰੀ ਪੀਰ ਮਜ਼ਹਰ ਸਈਦ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪ੍ਰਧਾਨ ਮੰਤਰੀ ਦੇ ਨਾਂਅ ਆਪਣੇ ਹੱਥ ਲਿਖਤ ਅਸਤੀਫ਼ਾ ਪੱਤਰ ਦੀ ਇਕ ਕਾਪੀ ਵੀ ਸਾਂਝੀ ਕੀਤੀ | ਉਨ੍ਹਾਂ ਦੇ ਨਾਲ ਮੰਤਰਾਲੇ ਦੇ ਡਾਇਰੈਕਟਰ ਅਮਜਦ ਹੁਸੈਨ ਮਿਨਹਾਸ ਅਤੇ ਮਿਰਜ਼ਾ ਬਸ਼ੀਰ ਵੀ ਮੌਜੂਦ ਸਨ | ਅਸਤੀਫ਼ਿਆਂ ਤੋਂ ਬਾਅਦ ਜਾਰੀ ਬਿਆਨ 'ਚ ਉਕਤ ਨੇਤਾਵਾਂ ਨੇ ਕਿਹਾ ਕਿ ਚੌਧਰੀ ਹੱਕ ਦੀ ਸਰਕਾਰ ਪੀ. ਓ. ਕੇ. ਦੇ ਲੋਕਾਂ ਤੇ ਪਾਕਿ 'ਚ ਰਹਿ ਰਹੇ 25 ਲੱਖ ਕਸ਼ਮੀਰੀ ਸ਼ਰਨਾਰਥੀਆਂ ਦੇ ਮੁੱਦਿਆਂ ਨੂੰ ਹੱਲ ਕਰਨ ਵਿਚ ਅਸਫਲ ਰਹਿਣ ਕਾਰਨ ਨੈਤਿਕ ਤੇ ਰਾਜਨੀਤਕ ਜਾਇਜ਼ਤਾ ਗੁਆ ਚੁੱਕੀ ਹੈ | ਉਨ੍ਹਾਂ ਸਰਕਾਰ 'ਤੇ ਕਸ਼ਮੀਰੀ ਸ਼ਰਨਾਰਥੀਆਂ ਦੇ ਸੰਵਿਧਾਨਕ ਅਤੇ ਰਾਜਨੀਤਕ ਅਧਿਕਾਰਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਇਆ | ਅਸਤੀਫ਼ਾ ਦੇਣ ਵਾਲੇ ਮੰਤਰੀਆਂ ਨੇ ਪ੍ਰਧਾਨ ਮੰਤਰੀ ਅਨਵਰੁਲ ਹੱਕ ਦੇ ਅਸਤੀਫ਼ੇ ਦੀ ਵੀ ਮੰਗ ਕੀਤੀ | ਉਨ੍ਹਾਂ ਨੇ ਕਿਹਾ ਕਿ ਹੱਕ ਨੂੰ ਸੱਤਾ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ | ਉਨ੍ਹਾਂ ਨੇ ਹਾਲ ਹੀ 'ਚ ਹੋਈ ਅਸ਼ਾਂਤੀ ਨਾਲ ਨਜਿੱਠਣ ਦੇ ਸਰਕਾਰ ਦੇ ਤਰੀਕੇ ਦੀ ਵੀ ਸਖ਼ਤ ਆਲੋਚਨਾ ਕੀਤੀ | ਇਹ ਵੀ ਜਾਣਕਾਰੀ ਮਿਲੀ ਹੈ ਕਿ ਆਉਣ ਵਾਲੇ ਦਿਨਾਂ 'ਚ ਪਾਕਿ ਸਰਕਾਰ ਲਈ ਚੁਣੌਤੀਆਂ ਵਧਣ ਵਾਲੀਆਂ ਹਨ | ਪਾਕਿ 'ਚ ਕਈ ਕੱਟੜਪੰਥੀ ਧਾਰਮਿਕ ਸਮੂਹ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ. ਐੱਲ. ਪੀ.) ਸਮੇਤ ਕਈ ਹੋਰ ਸੰਗਠਨ ਅਹਿਲ-ਏ-ਸੁੰਨਤ ਪਾਕਿਸਤਾਨ ਨਾਮੀ ਇਕ ਨਵਾਂ ਗੱਠਜੋੜ ਬਣਾ ਰਹੇ ਹਨ | ਉਨ੍ਹਾਂ ਨੇ ਪਾਕਿ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ 'ਤੇ ਗੰਭੀਰ ਨਤੀਜਿਆਂ ਦੀ ਧਮਕੀ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਡਾ. ਰਵਜੋਤ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਅਗਲੀ ਖ਼ਬਰ ਸਾਬਕਾ ਕੇਂਦਰੀ ਮੰਤਰੀ ਨੇ ਬੈਚਲਰ ਆਫ਼ ਲਾਅ ਕੋਰਸ 'ਚ ਦਾਖ਼ਲਾ ਲਿਆ
Ad Position 24