ਨਵੀਂ ਦਿੱਲੀ, 31 ਅਕਤੂਬਰ (ਉਪਮਾ ਡਾਗਾ ਪਾਰਥ)-ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਬਰਸੀ ਮੌਕੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ 1984 ਬਾਰੇ ਸੋਚ ਕੇ ਅੱਜ ਵੀ ਰੂਹ ਕੰਬ ਜਾਂਦੀ ਹੈ | ਪੁਰੀ ਨੇ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਅੱਜ ਵੀ ਉਨ੍ਹਾਂ ਦਿਨਾਂ ਨੂੰ ਯਾਦ ਕਰ ਕੇ ਉਨ੍ਹਾਂ ਦੀ ਰੂਹ ਕੰਬ ਜਾਂਦੀ ਹੈ ਜਦੋਂ ਨਿਰਦੋਸ਼ ਸਿੱਖ ਔਰਤਾਂ, ਮਰਦਾਂ ਅਤੇ ਬੱਚਿਆਂ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ | ਉਨ੍ਹਾਂ ਦੀਆਂ ਸੰਪਤੀਆਂ ਅਤੇ ਧਾਰਮਿਕ ਅਸਥਾਨਾਂ ਨੂੰ ਲੁੱਟਿਆ ਗਿਆ ਸੀ | ਪੁਰੀ ਨੇ ਕਾਂਗਰਸ ਨੇਤਾਵਾਂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਦੰਗਿਆਂ ਨੂੰ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਹਿੰਸਕ ਭੀੜ ਨੇ ਅੰਜ਼ਾਮ ਦਿੱਤਾ ਜੋ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਬਦਲਾ ਲੈਣ ਦੇ ਨਾਂਅ 'ਤੇ ਸ਼ੁਰੂ ਹੋਏ | ਉਨ੍ਹਾਂ ਕਿਹਾ ਕਿ ਪੁਲਿਸ ਨੂੰ ਚੁੱਪ-ਚਾਪ ਵੇਖਣ ਲਈ ਮਜਬੂਰ ਕੀਤਾ ਗਿਆ, ਜਦਕਿ ਸਿੱਖਾਂ ਨੂੰ ਉਨ੍ਹਾਂ ਦੇ ਘਰਾਂ, ਵਾਹਨਾਂ ਅਤੇ ਗੁਰਦੁਆਰਿਆਂ ਤੋਂ ਖਿੱਚ ਕੇ ਜ਼ਿੰਦਾ ਸਾੜਿਆ ਜਾ ਰਿਹਾ ਸੀ | ਪੁਰੀ ਨੇ ਇਲਜ਼ਾਮ ਲਾਇਆ ਕਿ ਸਿੱਖਾਂ ਦੇ ਘਰਾਂ ਅਤੇ ਸੰਪਤੀਆਂ ਦੀ ਪਛਾਣ ਲਈ ਵੋਟਰ ਸੂਚੀ ਦਾ ਇਸਤੇਮਾਲ ਕੀਤਾ ਗਿਆ | ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਉਸ ਬਿਆਨ ਦਾ ਹਵਾਲਾ ਵੀ ਦਿੱਤਾ, ਜਿਸ 'ਚ ਉਨ੍ਹਾਂ ਕਿਹਾ ਕਿ ਜਦੋਂ ਵੱਡਾ ਰੁੱਖ ਡਿੱਗਦਾ ਹੈ, ਤਾਂ ਧਰਤੀ ਹਿਲਦੀ ਹੈ | ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਦੇ ਇਸ ਬਿਆਨ ਨੇ ਸਿੱਖਾਂ ਦੀ ਹੱਤਿਆ ਨੂੰ ਖੁੱਲ੍ਹਾ ਸਮਰਥਨ ਦਿੱਤਾ | ਪੁਰੀ ਨੇ ਕਿਹਾ ਕਿ ਕਾਂਗਰਸ ਨੇਤਾ ਗੁਰਦੁਆਰਿਆਂ ਤੋਂ ਬਾਹਰ ਭੀੜ ਦੀ ਅਗਵਾਈ ਕਰਦੇ ਨਜ਼ਰ ਆ ਰਹੇ ਸਨ, ਜਦਕਿ ਪੁਲਿਸ ਚੁੱਪਚਾਪ ਤਮਾਸ਼ਾ ਵੇਖਦੀ ਰਹੀ |