ਨਵੀਂ ਦਿੱਲੀ/ਦੁਬਈ, 21 ਨਵੰਬਰ (ਏਜੰਸੀ)-ਦੁਬਈ ਏਅਰ ਸ਼ੋਅ ਦੌਰਾਨ ਭਾਰਤੀ ਹਵਾਈ ਸੈਨਾ ਦਾ ਤੇਜਸ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ | ਜਹਾਜ਼ ਦੇ ਕਰੈਸ਼ ਹੁੰਦੇ ਹੀ ਉਸ 'ਚ ਅੱਗ ਲੱਗ ਗਈ ਅਤੇ ਹਵਾਈ ਅੱਡੇ 'ਤੇ ਕਾਲੇ ਧੂੰਏਾ ਦਾ ਗੁਬਾਰ ਦੇਖਿਆ ਗਿਆ | ਹਵਾਈ ਸੈਨਾ ਨੇ ਕਿਹਾ ਕਿ ਇਸ ਹਾਦਸੇ 'ਚ ਪਾਇਲਟ ਦੀ ਵੀ ਮੌਤ ਹੋ ਗਈ, ਜਿਸ ਦੀ ਪਛਾਣ ਵਿੰਗ ਕਮਾਂਡਰ ਨਮਾਂਸ਼ ਸਿਆਲ ਵਜੋਂ ਹੋਈ ਹੈ | ਨਮਾਂਸ਼ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦਾ ਰਹਿਣ ਵਾਲਾ ਸੀ | ਉਸ ਨੂੰ ਦਸੰਬਰ 2009 'ਚ ਭਾਰਤੀ ਹਵਾਈ ਸੈਨਾ 'ਚ ਕਮਿਸ਼ਨ ਦਿੱਤਾ ਗਿਆ ਸੀ ਅਤੇ ਉਹ 184ਵੇਂ ਕੋਰਸ ਤੋਂ ਸੀ | ਇਹ ਹਵਾਈ ਸੈਨਾ ਦੇ ਤੇਜਸ ਜੈੱਟ ਹਾਦਸੇ ਦੀ ਦੂਜੀ ਘਟਨਾ ਹੈ | ਇਸ ਤੋਂ ਪਹਿਲਾਂ ਬੀਤੇ ਸਾਲ ਰਾਜਸਥਾਨ ਦੇ ਪੋਖਰਨ 'ਚ ਇੰਜਣ ਫੇਲ੍ਹ ਹੋਣ ਕਾਰਨ ਤੇਜਸ ਹਾਦਸਾਗ੍ਰਸਤ ਹੋ ਗਿਆ ਸੀ | ਰਿਪੋਰਟਾਂ ਅਨੁਸਾਰ ਤੇਜਸ ਪਾਇਲਟ ਨੈਗੇਟਿਵ ਜੀ-ਫੋਰਸ ਮੋੜ ਤੋਂ ਠੀਕ ਹੋਣ 'ਚ ਅਸਮਰੱਥ ਸੀ, ਜਿਸ ਦੇ ਨਤੀਜੇ ਵਜੋਂ ਜਹਾਜ਼ ਕੰਟਰੋਲ ਗੁਆ ਬੈਠਾ | ਵੀਡੀਓ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਤੇਜਸ ਜਹਾਜ਼ ਸਿੱਧਾ ਹੇਠਾਂ ਡਿੱਗ ਰਿਹਾ ਹੈ, ਉਹ ਵੀ ਬਿਨਾਂ ਕਿਸੇ ਗਲਾਈਡਿੰਗ ਦੇ | ਇਸ ਦਾ ਮਤਲਬ ਹੈ ਕਿ ਰਿਕਵਰੀ ਅਸਫ਼ਲ ਹੋ ਗਈ ਅਤੇ ਜਹਾਜ਼ 'ਫ੍ਰੀ ਫਾਲ' ਵਿਚ ਚਲਾ ਗਿਆ | ਜਦੋਂ ਜਹਾਜ਼ ਅਚਾਨਕ ਹੇਠਾਂ ਵੱਲ ਝੁਕਦਾ ਹੈ ਤਾਂ ਸਰੀਰ ਗੁਰੂਤਾ ਦੀ ਉਲਟ ਦਿਸ਼ਾ 'ਚ ਜਾਂਦਾ ਹੈ | ਇਸ ਸਮੇਂ ਪਾਇਲਟ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਉਸ ਨੂੰ ਸੀਟ ਤੋਂ ਚੁੱਕਿਆ ਜਾ ਰਿਹਾ ਹੋਵੇ | ਜ਼ਿਕਰਯੋਗ ਹੈ ਕਿ ਸਰਕਾਰੀ ਏਅਰੋਸਪੇਸ ਕੰਪਨੀ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (ਐਚ.ਏ.ਐਲ.) ਵਲੋਂ ਨਿਰਮਿਤ ਤੇਜਸ ਜਹਾਜ਼ ਹਵਾ ਵਿਚ ਲੜਾਈ ਅਤੇ ਹਮਲਾਵਰ ਹਵਾਈ ਸਹਾਇਤਾ ਮਿਸ਼ਨਾਂ ਲਈ ਇਕ ਸ਼ਕਤੀਸ਼ਾਲੀ ਪਲੇਟਫਾਰਮ ਹੈ | ਤੇਜਸ ਜਹਾਜ਼ ਭਾਰਤੀ ਫ਼ੌਜ ਦਾ ਮੁੱਖ ਆਧਾਰ ਬਣਨ ਲਈ ਤਿਆਰ ਹਨ | ਰੱਖਿਆ ਮੰਤਰਾਲੇ ਨੇ 2021 'ਚ 83 ਤੇਜਸ ਐਮ.ਕੇ.-1ਏ ਜਹਾਜ਼ਾਂ ਦੀ ਖਰੀਦ ਲਈ 48000 ਕਰੋੜ ਰੁਪਏ ਦਾ ਸੌਦਾ ਕੀਤਾ ਸੀ |