• ਸਰਕਾਰ ਵਲੋਂ ਸਰਬ-ਧਰਮ ਸੰਮੇਲਨ ਕੱਲ੍ਹ-ਵਿਧਾਨ ਸਭਾ ਇਜਲਾਸ 24 ਨੂੰ
• ਸੂਬਾ ਪੱਧਰੀ ਖ਼ੂਨਦਾਨ ਕੈਂਪ 25 ਨੂੰ
ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਪੱਬਾਂ ਭਾਰ
ਜੇ.ਐਸ. ਨਿੱਕੂਵਾਲ/ਕਰਨੈਲ ਸਿੰਘ ਸੈਣੀ
ਸ੍ਰੀ ਅਨੰਦਪੁਰ ਸਾਹਿਬ, 21 ਨਵੰਬਰ-ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਵੈਰਾਗ ਤੇ ਰੂਹਾਨੀਅਤ ਭਰੇ ਮਾਹੌਲ 'ਚ ਰੰਗੀ ਗਈ ਹੈ, ਜਿਸ ਤਹਿਤ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਲੋਂ ਵੱਖੋ-ਵੱਖ ਸਮਾਗਮ ਉਲੀਕੇ ਗਏ ਹਨ | ਪੰਜਾਬ ਸਰਕਾਰ ਵਲੋਂ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਸਮਾਗਮਾਂ ਦੀ ਲੜੀ ਤਹਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੋਸ਼ਨੀਆਂ ਕੀਤੀਆਂ ਗਈਆਂ ਹਨ | ਸ੍ਰੀ ਅਨੰਦਪੁਰ ਸਾਹਿਬ ਨੂੰ ਆਉਣ ਵਾਲੀਆਂ ਸੜਕਾਂ ਦੀ ਮੁਰੰਮਤ ਚੱਲ ਰਹੀ ਹੈ ਤੇ ਵੱਡੀ ਗਿਣਤੀ 'ਚ ਪੁਲਿਸ ਤੇ ਸਮੁੱਚੇ ਪ੍ਰਸ਼ਾਸਨ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਡੇਰੇ ਲਗਾਏ ਹੋਏ ਹਨ | ਸਾਰੇ ਕਾਰਜਾਂ ਦੀ ਦੇਖ-ਰੇਖ ਖੁਦ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਕਰ ਰਹੇ ਹਨ | ਪੰਜਾਬ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਸਮਾਗਮਾਂ 'ਚ 23 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀਨਗਰ, ਗੁਰਦਾਸਪੁਰ, ਫਰੀਦਕੋਟ ਤੇ ਗੁਰਦੁਆਰਾ ਬੇਰ ਸਾਹਿਬ
ਛਾਉਣੀ ਬੁੱਢਾ ਦਲ ਤੋਂ ਸ਼ੁਰੂ ਹੋਏ ਨਗਰ ਕੀਰਤਨ ਪਹੁੰਚਣਗੇ | 23 ਨਵੰਬਰ ਨੂੰ ਗੁਰਦੁਆਰਾ ਗੁਰੂ ਕੇ ਬਾਗ ਵਿਖੇ ਸ੍ਰੀ ਅਖੰਡ ਪਾਠ ਦੀ ਆਰੰਭਤਾ ਨਾਲ ਗੁਰੂ ਤੇਗ ਬਹਾਦਰ ਜੀ ਦੇ ਜੀਵਨ 'ਤੇ ਆਧਾਰਿਤ ਪ੍ਰਦਰਸ਼ਨੀ, ਸਰਬ-ਧਰਮ ਸਮੇਲਨ, ਡਰੋਨ ਸ਼ੋਅ ਦੇ ਨਾਲ-ਨਾਲ ਵਿਰਾਸਤ-ਏ-ਖਾਲਸਾ, ਭਾਈ ਜੈਤਾ ਜੀ ਮੈਮੋਰੀਅਲ ਤੇ ਪੰਜ ਪਿਆਰਾ ਪਾਰਕ ਦੇ ਗਾਈਡਿਡ ਟੂਰ ਲਗਾਏ ਜਾਣਗੇ | ਇਸ ਤੋਂ ਇਲਾਵਾ 24 ਨਵੰਬਰ ਨੂੰ ਵਿਰਾਸਤੀ ਦੌੜ, ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਤੇ 25 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੇ ਨਾਲ-ਨਾਲ ਸੂਬਾ ਪੱਧਰੀ ਖ਼ੂਨਦਾਨ ਕੈਂਪ, 3 ਲੱਖ 50 ਹਜ਼ਾਰ ਬੂਟੇ ਲਗਾਉਣ ਦੀ ਮੁਹਿੰਮ ਤੇ ਸਰਬੱਤ ਦਾ ਭਲਾ ਇਕੱਤਰਤਾ ਹੋਵੇਗੀ | ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੰਗਤ ਨੂੰ ਹੁੰਮ-ਹੁਮਾ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਦੀ ਅਪੀਲ ਕੀਤੀ ਹੈ | ਉਧਰ ਸ਼੍ਰੋਮਣੀ ਕਮੇਟੀ ਵਲੋਂ 23 ਨਵੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ਼ ਦੇ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਵਿਖੇ ਹੋਣਗੇ, ਜਿਨ੍ਹਾਂ ਲਈ ਸ੍ਰੀ ਅਖੰਡ ਪਾਠ ਸਾਹਿਬ ਸੁਰੂ ਹੋ ਗਏ ਹਨ | ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸੰਤ ਟੇਕ ਸਿੰਘ ਧੰਨੋਲਾ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਸਮੇਤ ਵੱਡੀ ਗਿਣਤੀ 'ਚ ਸੰਤ ਮਹਾਂਪੁਰਸ਼ ਤੇ ਸ਼ਖ਼ਸੀਅਤਾਂ ਹਾਜ਼ਰ ਸਨ | ਇਸ ਤੋਂ ਇਲਾਵਾ 25 ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਤੇ ਉਨ੍ਹਾਂ ਦੇ ਅਨਿਨ ਸੇਵਕ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਣਗੇ | 24 ਤੋਂ 28 ਨਵੰਬਰ ਤੱਕ ਰੋਸ਼ਨੀ ਤੇ ਆਵਾਜ ਆਧਾਰਿਤ ਸਮਾਗਮ ਗੁਰੂ ਤੇਗ ਬਹਾਦਰ ਖਾਲਸਾ ਕਾਲਜ 'ਚ ਲਗਾਤਾਰ ਚੱਲਣਗੇ ਤੇ 28 ਨਵੰਬਰ ਨੂੰ ਗਤਕਾ ਮੁਕਾਬਲੇ ਹੋਣਗੇ | ਸ਼੍ਰੋਮਣੀ ਕਮੇਟੀ ਵਲੋਂ 28 ਨਵੰਬਰ ਨੂੰ ਗੁਰਦੁਆਰਾ ਸ੍ਰੀ ਬਿਬਾਨਗੜ੍ਹ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਮਾਰਗ ਸ਼ਹੀਦੀ ਨਗਰ ਕੀਰਤਨ ਦਾ ਸਵੇਰੇ 10 ਵਜੇ ਸਵਾਗਤ ਕੀਤਾ ਜਾਵੇਗਾ | 29 ਨਵੰਬਰ ਨੂੰ ਅੰਤਿਮ ਦਿਨ ਸੀਸ ਸਸਕਾਰ ਦਿਵਸ਼ ਸਬੰਧੀ ਮੁੱਖ ਸਮਾਗਮ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸਵੇਰੇ 10 ਤੋਂ ਸ਼ਾਮ 3 ਵਜੇ ਤੱਕ ਹੋਵੇਗਾ | ਸ਼੍ਰੋਮਣੀ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਇਲਾਵਾ ਸਾਰੇ ਗੁਰਧਾਮਾਂ ਤੇ ਮਨਮੋਹਕ ਦੀਪਮਾਲਾ ਕੀਤੀ ਗਈ ਹੈ | ਇਸ ਤੋਂ ਬਿਨ੍ਹਾਂ ਵੱਖ-ਵੱਖ ਡੇਰਿਆਂ ਦੀਆਂ ਲੰਗਰ ਕਮੇਟੀਆਂ ਵਲੋਂ ਵੀ ਲੰਗਰ ਚੱਲ ਰਹੇ ਹਨ | ਸ਼੍ਰੋਮਣੀ ਕਮੇਟੀ ਮੈਂਬਰ ਗੁਰਦੀਪ ਸਿੰਘ ਨੇ ਦੱਸਿਆ ਕਿ ਸੰਗਤ ਦੀ ਸਹੂਲਤ ਲਈ 6 ਟੈਂਟ ਸਿਟੀਆਂ ਬਣਾਈਆਂ ਗਈਆਂ ਹਨ | ਇਸ ਤੋਂ ਇਲਾਵਾ 55 ਤੋਂ ਵੱਧ ਲੰਗਰ ਲਗਾਏ ਗਏ ਹਨ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੇਸ਼-ਵਿਦੇਸ਼ 'ਚ ਵੱਸਦੇ ਪੰਜਾਬੀਆਂ ਨੂੰ ਸ਼ਹੀਦੀ ਸ਼ਤਾਬਦੀਆਂ 'ਚ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ |
ਰੂਹਾਨੀਅਤ ਦੇ ਮਾਹੌਲ 'ਚ ਰੰਗਿਆ ਸ੍ਰੀ ਅਨੰਦਪੁਰ ਸਾਹਿਬ <br/>
ਅਜੀਤ ਡੈਸਕ
22-11-2025