ਕਿਹਾ, ਨਿਵੇਸ਼ਕਾਂ ਨੂੰ ਇਕੋ ਛੱਤ ਹੇਠ ਮਿਲਣਗੀਆਂ 173 ਸੇਵਾਵਾਂ
ਚੰਡੀਗੜ੍ਹ, 21 ਨਵੰਬਰ (ਵਿਕਰਮਜੀਤ ਸਿੰਘ ਮਾਨ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਚੰਡੀਗੜ੍ਹ ਵਿਖੇ 'ਫਾਸਟਰੈਕ ਪੰਜਾਬ ਪੋਰਟਲ' ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ | ਇਸ ਪੋਰਟਲ ਜ਼ਰੀਏ 173 ਸੇਵਾਵਾਂ ਇਕੋ ਛੱਤ ਹੇਠ ਪ੍ਰਦਾਨ ਕੀਤੀਆਂ ਜਾਣਗੀਆਂ, ਜਿਸ ਨਾਲ ਸੂਬੇ 'ਚ ਉਦਯੋਗਿਕ ਵਿਕਾਸ ਦੀ ਗਤੀ ਤੇਜ਼ ਹੋਵੇਗੀ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਸ਼ਾਸਨ ਵਿਚ ਪਾਰਦਰਸ਼ਤਾ ਅਤੇ ਕੁਸ਼ਲਤਾ ਵਾਲੀ 'ਸਿੰਗਲ ਵਿੰਡੋ ਵਿਦ ਏ ਸਿੰਗਲ ਪੈਨ' ਪ੍ਰਣਾਲੀ ਦੀ ਸ਼ੁਰੂਆਤ ਨਾਲ ਸੂਬੇ ਦੀ ਉਦਯੋਗਿਕ ਨੀਤੀ ਇਕ ਨਵੇਂ ਯੁੱਗ 'ਚ ਪ੍ਰਵੇਸ਼ ਕਰ ਗਈ ਹੈ | ਉਨ੍ਹਾਂ ਨੇ ਕਿਹਾ ਕਿ ਫਾਸਟਰੈਕ ਪੰਜਾਬ ਪੋਰਟਲ ਰਾਹੀਂ ਇਸ ਸਮੇਂ 9 ਵਿਭਾਗਾਂ ਨਾਲ ਸੰਬੰਧਿਤ 47 ਸੇਵਾਵਾਂ ਚਲਾਈਆਂ ਜਾ ਰਹੀਆਂ ਹਨ ਅਤੇ ਪ੍ਰਭਾਵਸ਼ਾਲੀ ਤਾਲਮੇਲ ਤੇ ਨਿਗਰਾਨੀ ਨਾਲ ਅਰਜ਼ੀਆਂ ਦੀ ਬਕਾਇਆ ਦਰ ਜ਼ੀਰੋ ਹੋ ਗਈ ਹੈ | ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿਚੋਂ ਉਦਯੋਗਾਂ ਦੇ ਪਰਵਾਸ ਨੂੰ ਪੁੱਠਾ ਗੇੜ ਪਿਆ ਹੈ, ਜਿਸ ਸਦਕਾ 1.40 ਲੱਖ ਕਰੋੜ ਰੁਪਏ ਦੇ ਨਵੇਂ ਨਿਵੇਸ਼ ਹਾਸਲ ਹੋਣ ਦੇ ਨਾਲ ਵੱਖ-ਵੱਖ ਖੇਤਰਾਂ ਵਿਚ ਲਗਪਗ ਪੰਜ ਲੱਖ ਨੌਕਰੀਆਂ ਦੇ ਮੌਕੇ ਪੈਦਾ ਹੋਏ ਹਨ | ਉਨ੍ਹਾਂ ਨੇ ਕਾਰੋਬਾਰੀਆਂ ਨੂੰ ਕਿਸਾਨਾਂ ਤੋਂ ਬਾਅਦ ਦੂਜਾ 'ਅੰਨਦਾਤਾ' ਦੱਸਦਿਆਂ ਕਿਹਾ ਕਿ ਦੋਵਾਂ ਦੀ ਹੀ ਰੋਜ਼ੀ-ਰੋਟੀ ਅਤੇ ਆਰਥਿਕ ਵਿਕਾਸ ਨੂੰ ਕਾਇਮ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਹੈ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਉਦਯੋਗਿਕ ਅਤੇ ਵਪਾਰਕ ਕਾਰਜਾਂ ਨੂੰ ਸੁਖਾਲਾ ਬਣਾਉਣ ਅਤੇ ਸਿਸਟਮ 'ਚ ਵਧੇਰੇ ਪਾਰਦਰਸ਼ਤਾ ਲਿਆਉਣ ਲਈ ਕਈ ਨਵੇਂ ਸੁਧਾਰ ਲਾਗੂ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕਾਰੋਬਾਰ ਕਰਨਾ ਸੁਖਾਲਾ ਕਰਨ ਲਈ, ਸੂਬਾ ਸਰਕਾਰ ਨੇ ਪੰਜਾਬ ਕਾਰੋਬਾਰ ਦਾ ਅਧਿਕਾਰ (ਸੋਧ) ਨਿਯਮ, 2025 ਨੂੰ ਪ੍ਰਵਾਨਗੀ ਦਿੱਤੀ ਹੈ, ਜੋ ਉਦਮੀਆਂ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕਰੇਗਾ | ਇਨ੍ਹਾਂ ਸੋਧਾਂ ਰਾਹੀਂ ਕਈ ਪੂਰਵ-ਨਿਰਮਾਣ ਰੈਗੂਲੇਟਰੀ ਪ੍ਰਵਾਨਗੀਆਂ ਨੂੰ ਐਕਟ ਦੇ ਦਾਇਰੇ ਵਿਚ ਲਿਆਂਦਾ ਗਿਆ ਹੈ, ਜਿਨ੍ਹਾਂ ਵਿਚ ਪਿ੍ੰਸੀਪਲ ਇੰਪਲਾਇਰ ਦੀ ਰਜਿਸਟ੍ਰੇਸ਼ਨ, ਬੀ.ਓ.ਸੀ..ਡਬਲਯੂ. ਐਕਟ ਅਧੀਨ ਰਜਿਸਟ੍ਰੇਸ਼ਨ, ਫੈਕਟਰੀ ਲਾਇਸੈਂਸ, ਸਥਾਪਤ ਕਰਨ ਲਈ ਸਹਿਮਤੀ, ਸੰਚਾਲਨ ਲਈ ਸਹਿਮਤੀ, ਸਥਿਰਤਾ ਸਰਟੀਫਿਕੇਟ ਅਤੇ ਗੈਰ-ਜੰਗਲਾਤ ਜ਼ਮੀਨ ਲਈ ਇਤਰਾਜ਼ ਨਾ ਹੋਣ ਸਬੰਧੀ ਸਰਟੀਫਿਕੇਟ ਸ਼ਾਮਿਲ ਹਨ | ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੋਧਾਂ ਨਾਲ 'ਸਵੈ-ਘੋਸ਼ਣਾ' ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਇਆ ਗਿਆ ਹੈ ਅਤੇ ਸਮੁੱਚੀ ਪ੍ਰਕਿਰਿਆ ਹੁਣ ਸੂਬੇ ਦੇ ਸਿੰਗਲ ਵਿੰਡੋ ਸਿਸਟਮ ਰਾਹੀਂ ਇਲੈੱਕਟ੍ਰਾਨਿਕ ਤੌਰ 'ਤੇ ਕੀਤੀ ਜਾਵੇਗੀ |
ਮੁੱਖ ਮੰਤਰੀ ਵਲੋਂ 'ਫਾਸਟਰੈਕ ਪੰਜਾਬ ਪੋਰਟਲ' ਦੇ ਦੂਜੇ ਪੜਾਅ ਦੀ ਸ਼ੁਰੂਆਤ
ਅਜੀਤ ਡੈਸਕ
22-11-2025