ਵੱਖ-ਵੱਖ ਸਥਾਨਾਂ ਤੋਂ ਸਜਾਏ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਪਹੁੰਚ ਕੇ ਹੋਏ ਸੰਪੂਰਨ
ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ
ਸ੍ਰੀ ਅਨੰਦਪੁਰ ਸਾਹਿਬ, 22 ਨਵੰਬਰ-ਸਿੱਖਿਆ, ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਵਰੋਸਾਈ ਧਰਤੀ ਸ੍ਰੀ ਅਨੰਦਪੁਰ ਸਾਹਿਬ ਸੰਗਤ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹੈ | ਪੰਜਾਬ ਸਰਕਾਰ ਗੁਰੂ ਸਾਹਿਬ ਦੀ ਸ਼ਹਾਦਤ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਸ਼ਰਧਾ ਤੇ ਆਦਰ ਸਹਿਤ ਮਨਾ ਰਹੀ ਹੈ | ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ 23 ਤੋਂ 25 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਆਉਣ ਵਾਲੀ ਸੰਗਤ ਲਈ ਸਾਰੇ ਪ੍ਰਬੰਧ ਵੀ ਪੂਰੇ ਪੁਖਤਾ ਹਨ | ਸੰਗਤ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ |
25 ਤੱਕ ਹੋਣ ਵਾਲੇ ਸਮਾਗਮਾਂ ਦਾ ਵੇਰਵਾ
ਵਿਸ਼ੇਸ਼ ਸਮਾਗਮਾਂ ਦੀ ਸ਼ੁਰੂਆਤ 23 ਨਵੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਹੋਵੇਗੀ | ਇਹ ਸਮਾਗਮ ਬਾਬਾ ਬੁੱਢਾ ਦਲ ਛਾਉਣੀ ਨਜ਼ਦੀਕ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ | ਸਵੇਰੇ 11 ਵਜੇ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ 'ਤੇ ਆਧਾਰਿਤ ਪ੍ਰਦਰਸ਼ਨੀ ਦਾ ਉਦਘਾਟਨ ਵਿਰਾਸਤ-ਏ-ਖ਼ਾਲਸਾ ਦੇ ਹਾਲ ਵਿਖੇ ਕੀਤਾ ਜਾਵੇਗਾ | ਦੁਪਿਹਰ 12 ਵਜੇ ਤੋਂ ਬਾਬਾ ਬੁੱਢਾ ਦਲ ਛਾਉਣੀ ਦੇ ਮੁੱਖ ਪੰਡਾਲ ਵਿਖੇ ਸਰਬ ਧਰਮ ਸੰਮੇਲਨ ਕਰਵਾਇਆ ਜਾਵੇਗਾ | 3 ਵਜੇ ਵਿਰਾਸਤ-ਏ-ਖ਼ਾਲਸਾ, ਭਾਈ ਜੈਤਾ ਜੀ ਮੈਮੋਰੀਅਲ ਤੇ ਪੰਜ ਪਿਆਰੇ ਪਾਰਕ ਦਾ ਗਾਈਡਡ ਟੂਰ ਹੋਵੇਗਾ | ਸ਼ਾਮ 5 ਵਜੇ ਵਿਰਾਸਤ-ਏ-ਖ਼ਾਲਸਾ ਵਿਖੇ ਡਰੋਨ ਸ਼ੋਅ ਹੋਵੇਗਾ ਤੇ 6 ਵਜੇ ਮੁੱਖ ਪੰਡਾਲ 'ਚ ਕਥਾ ਤੇ ਕੀਰਤਨ ਦਰਬਾਰ ਹੋਵੇਗਾ | 24 ਨਵੰਬਰ ਸਵੇਰੇ 8 ਵਜੇ ਸੀਸ ਭੇਟ ਨਗਰ ਕੀਰਤਨ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਜਾਵੇਗਾ | 10 ਵਜੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੈਰੀਟੇਜ ਵਾਕ ਹੋਵੇਗੀ | 11 ਤੋਂ 1 ਵਜੇ ਤੱਕ ਬਾਬਾ ਬੁੱਢਾ ਦਲ ਛਾਉਣੀ ਦੇ ਮੁੱਖ ਪੰਡਾਲ 'ਚ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ 'ਤੇ ਆਧਾਰਤ ਕਾਵਿ-ਉਚਾਰਨ, ਢਾਡੀ ਤੇ ਕਵੀਸ਼ਰੀ ਦਰਬਾਰ ਸਜੇਗਾ | ਦੁਪਹਿਰ 1 ਵਜੇ ਤੋਂ ਭਾਈ ਜੈਤਾ ਜੀ ਮੈਮੋਰੀਅਲ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੋਵੇਗਾ | 2 ਵਜੇ ਤੋਂ ਚਰਨ ਗੰਗਾ ਸਟੇਡੀਅਮ ਵਿਖੇ ਗਤਕਾ ਤੇ ਹੋਰ ਜੰਗਜੂ ਸਮਾਗਮ ਹੋਣਗੇ | ਸ਼ਾਮ 5 ਵਜੇ ਵਿਰਾਸਤ-ਏ-ਖ਼ਾਲਸਾ 'ਚ ਡਰੋਨ ਸ਼ੋਅ ਤੇ 6 ਵਜੇ ਮੁੱਖ ਪੰਡਾਲ 'ਚ ਕਥਾ ਤੇ ਕੀਰਤਨ ਦਰਬਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | 25 ਨਵੰਬਰ ਨੂੰ ਸਵੇਰੇ 10 ਵਜੇ ਬਾਬਾ ਬੁੱਢਾ ਦਲ ਛਾਉਣੀ ਦੇ ਮੁੱਖ ਪੰਡਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸੰਪੂਰਨ ਹੋਣਗੇ | 11 ਵਜੇ ਸੂਬਾ ਪੱਧਰੀ ਖੂਨਦਾਨ ਤੇ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਵਿਰਾਸਤ-ਏ-ਖ਼ਾਲਸਾ ਤੋਂ ਹੋਵੇਗੀ | ਦੁਪਹਿਰ 12 ਵਜੇ ਤੋਂ ਮੁੱਖ ਪੰਡਾਲ ਵਿਖੇ ਸਰਬੱਤ ਦਾ ਭਲਾ ਇਕੱਤਰਤਾ ਹੋਵੇਗੀ, ਜਿਸ 'ਚ ਉੱਘੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਹਿੱਸਾ ਲੈਣਗੀਆਂ | ਸ਼ਾਮ 5 ਵਜੇ ਡਰੋਨ ਸ਼ੋਅ ਨਾਲ ਤਿੰਨਾਂ ਦਿਨਾਂ ਦੇ ਮਹਾਨ ਸਮਾਗਮਾਂ ਦੀ ਸਮਾਪਤੀ ਹੋਵੇਗੀ | ਵੈਸੇ ਇਹ ਡਰੋਨ ਸ਼ੋਅ 29 ਨਵੰਬਰ ਤੱਕ ਜਾਰੀ ਰਹੇਗਾ |
ਸ੍ਰੀ ਅਨੰਦਪੁਰ ਸਾਹਿਬ ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਸੰਬੰਧੀ ਸਮਾਗਮ ਅੱਜ ਤੋਂ
ਅਜੀਤ ਡੈਸਕ
23-11-2025