ਮੁੱਖ ਸਕੱਤਰ ਡਾ. ਰੂਪ ਸਿੰਘ, ਹਰਚਰਨ ਸਿੰਘ, ਸੀ.ਏ. ਸਤਿੰਦਰ ਸਿੰਘ ਕੋਹਲੀ ਤੇ ਹੋਰਨਾਂ ਦੇ ਨਾਂਅ ਸ਼ਾਮਿਲ
ਅੰਮਿ੍ਤਸਰ, 7 ਦਸੰਬਰ (ਹਰਮਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਲਾਪਤਾ ਮਾਮਲੇ ਦੇ ਸੰਬੰਧ ਵਿਚ ਅੱਜ ਅੰਮਿ੍ਤਸਰ 'ਚ ਸੱਦੀ ਗਈ ਮਹਾਂ ਪੰਚਾਇਤ ਤੋਂ ਬਾਅਦ ਇਸ ਮਾਮਲੇ ਨਾਲ ਸੰਬੰਧਿਤ ਸ਼ੋ੍ਰਮਣੀ ਕਮੇਟੀ ਦੇ ਤਤਕਾਲੀ ਮੁੱਖ ਸਕੱਤਰ ਡਾ. ਰੂਪ ਸਿੰਘ ਸਮੇਤ ਸ਼ੋ੍ਰਮਣੀ ਕਮੇਟੀ ਦੇ ਤਤਕਾਲੀ 16 ਅਧਿਕਾਰੀਆਂ, ਮੁਲਾਜ਼ਮਾਂ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਹ ਮਾਮਲਾ ਪੰਜਾਬ ਸਰਕਾਰ ਦੀ ਦਖ਼ਲ-ਅੰਦਾਜ਼ੀ ਤੋਂ ਬਾਅਦ ਦਰਜ ਕੀਤਾ ਗਿਆ ਹੈ | ਉਕਤ ਮਾਮਲੇ ਦੇ ਸੰਬੰਧ ਵਿਚ ਸਿੱਖ ਪੰਥਕ ਸਦਭਾਵਨਾ ਦਲ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਹੇਠ ਵਿਰਾਸਤੀ ਮਾਰਗ ਵਿਖੇ 'ਪੰਥਕ ਹੋਕਾ' ਧਰਨਾ ਦਿੱਤਾ ਜਾ ਰਿਹਾ ਸੀ, ਜਿਸ ਦੇ ਹੱਕ ਵਿਚ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤੀ ਵਲੋਂ ਜਗਜੀਤ ਸਿੰਘ ਡੱਲੇਵਾਲ ਨੇ ਹਮਾਇਤ ਕੀਤੀ ਸੀ | ਅੱਜ ਇਸ ਸੰਬੰਧ ਵਿਚ ਸਾਂਝੇ ਤੌਰ 'ਤੇ ਮਹਾਂ ਪੰਚਾਇਤ ਸੱਦੀ ਗਈ ਸੀ, ਜਿਸ ਵਿਚ ਪੰਜਾਬ ਸਰਕਾਰ ਵਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਤੋਂ ਇਲਾਵਾ ਕਈ ਪੰਥਕ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ ਸਨ | ਇਸ ਦੌਰਾਨ ਸੰਬੋਧਨ ਕਰਦੇ ਹੋਏ ਭਾਈ ਬਲਦੇਵ ਸਿੰਘ ਵਡਾਲਾ, ਜਗਜੀਤ ਸਿੰਘ ਡੱਲੇਵਾਲ, ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਪ੍ਰਧਾਨ ਗੁਰਬਚਨ ਸਿੰਘ ਅਤੇ ਹੋਰ ਪੰਥਕ ਆਗੂਆਂ ਵਲੋਂ 328 ਪਾਵਨ ਸਰੂਪਾਂ ਨੂੰ ਲਾਪਤਾ ਕਰਨ ਦੇ ਮਾਮਲੇ ਸੰਬੰਧੀ ਕਰਵਾਈ ਗਈ ਜਾਂਚ 'ਚ ਨਾਮਜ਼ਦ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਸੀ | ਉਪਰੰਤ ਸ਼ਾਮ ਨੂੰ ਥਾਣਾ ਸੀ ਡਵੀਜ਼ਨ ਦੀ ਪੁਲਿਸ ਵਲੋਂ ਸ਼ੋ੍ਰਮਣੀ ਕਮੇਟੀ ਦੇ ਤਤਕਾਲੀ ਮੁੱਖ ਸਕੱਤਰ ਡਾ. ਰੂਪ ਸਿੰਘ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਤਤਕਾਲੀ ਅਧਿਕਾਰੀਆਂ ਅਤੇ ਮੁਲਾਜ਼ਮਾਂ 'ਚ ਸਕੱਤਰ ਮਨਜੀਤ ਸਿੰਘ, ਗੁਰਬਚਨ ਸਿੰਘ ਮੀਤ ਸਕੱਤਰ, ਸਤਿੰਦਰ ਸਿੰਘ ਮੀਤ ਸਕੱਤਰ ਵਿੱਤ, ਨਿਸ਼ਾਨ ਸਿੰਘ ਮੀਤ ਸਕੱਤਰ, ਪਰਮਜੀਤ ਸਿੰਘ ਇੰਚਾਰਜ, ਗੁਰਮੁਖ ਸਿੰਘ ਸੁਪਰਵਾਈਜ਼ਰ, ਜੁਝਾਰ ਸਿੰਘ ਅਕਾੳਾੂਟੈਂਟ, ਬਾਜ਼ ਸਿੰਘ ਕਲਰਕ, ਦਲਬੀਰ ਸਿੰਘ ਸਹਾਇਕ, ਕਮਲਜੀਤ ਸਿੰਘ ਸਹਾਇਕ, ਕੁਲਵੰਤ ਸਿੰਘ ਜਿਲਦਸਾਜ਼, ਜਸਪ੍ਰੀਤ ਸਿੰਘ, ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ, ਸਤਿੰਦਰ ਸਿੰਘ ਕੋਹਲੀ ਚਾਰਟਰ ਅਕਾੳਾੂਟੈਂਟ ਅਤੇ ਅਮਰਜੀਤ ਸਿੰਘ ਸੇਵਾਦਾਰ ਅੰਗੀਠਾ ਸਾਹਿਬ ਗੋਇੰਦਵਾਲ ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 295, 295ਏ, 409, 465, 120ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਇਸ ਮਾਮਲੇ 'ਚ ਈਸ਼ਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਜਾਂਚ ਰਿਪੋਰਟ ਅਤੇ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਬਿਆਨ ਨੂੰ ਆਧਾਰ ਬਣਾ ਕੇ ਕੀਤਾ ਗਿਆ ਹੈ, ਜਿਸ ਵਿਚ ਸ਼ਿਕਾਇਤ ਕਰਤਾ ਭਾਈ ਬਲਦੇਵ ਸਿੰਘ ਵਡਾਲਾ, ਬਲਦੇਵ ਸਿੰਘ ਸਿਰਸਾ ਅਤੇ ਗੁਰਮੀਤ ਸਿੰਘ ਬਣਾਇਆ ਗਿਆ ਹੈ | ਜ਼ਿਕਰਯੋਗ ਹੈ ਕਿ ਇਹ ਮਾਮਲਾ 2016 'ਚ ਸਾਹਮਣੇ ਆਇਆ ਸੀ, ਜਿਸ ਦੀ ਪੜਤਾਲ ਈਸ਼ਰ ਸਿੰਘ 'ਤੇ ਆਧਾਰਿਤ ਕਮੇਟੀ ਵਲੋਂ ਕੀਤੀ ਗਈ ਸੀ ਅਤੇ ਇਸ ਕਮੇਟੀ ਦੀ ਜਾਰੀ ਕੀਤੀ ਰਿਪੋਰਟ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਭਾਈ ਗੋਬਿੰਦ ਸਿੰਘ ਵਲੋਂ ਇਸ ਰਿਪੋਰਟ 'ਤੇ ਭਰੋਸਾ ਕਰਦੇ ਹੋਏ ਇਸ ਮਾਮਲੇ ਲਈ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਸੰਬੰਧੀ ਬਿਆਨ ਦਿੱਤਾ ਸੀ | ਸਿੱਖ ਪੰਥਕ ਸਦਭਾਵਨਾ ਦਲ ਵਲੋਂ ਭਾਈ ਬਲਦੇਵ ਸਿੰਘ ਵਡਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਇਹ ਮਾਮਲਾ ਦਰਜ ਹੋਇਆ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਾਪਤਾ ਮਾਮਲਾ ਸਿੱਖ ਪੰਥ ਲਈ ਅਹਿਮ ਮੁੱਦਾ ਸੀ ਅਤੇ ਉਹ ਇਸ ਲਈ ਜ਼ਿੰਮੇਵਾਰਾਂ 'ਤੇ ਕਾਰਵਾਈ ਲਈ ਪੰਜ ਸਾਲ ਤੋਂ ਸੰਘਰਸ਼ ਕਰ ਰਹੇ ਸਨ, ਜਿਸ ਵਿਚ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤੀ, ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੇਵਾ ਸਿੰਘ ਰਾਮਪੁਰਾ, ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਅਤੇ ਹੋਰ ਪੰਥ ਦਰਦੀਆਂ ਵਲੋਂ ਸਹਿਯੋਗ ਦਿੱਤਾ ਜਾ ਰਿਹਾ ਸੀ | ਅੱਜ ਮਹਾਂ ਪੰਚਾਇਤ 'ਚ ਪੰਜਾਬ ਸਰਕਾਰ ਵਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਦਖ਼ਲ ਅੰਦਾਜ਼ੀ ਨਾਲ ਸ਼ੋ੍ਰਮਣੀ ਕਮੇਟੀ ਦੇ ਇਸ ਘਟਨਾਕ੍ਰਮ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ |
ਪੰਜਾਬ ਸਰਕਾਰ ਕਿਸੇ ਵੀ ਧਰਮ ਦੀ ਬੇਅਦਬੀ ਨੂੰ ਬਰਦਾਸ਼ਤ ਨਹੀਂ ਕਰੇਗੀ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸੇ ਵੀ ਧਰਮ ਦੀ ਬੇਅਦਬੀ ਨੂੰ ਬਰਦਾਸ਼ਤ ਨਹੀਂ ਕਰੇਗੀ ਤੇ ਸੂਬਾ ਸਰਕਾਰ ਇਸ ਤਰ੍ਹਾਂ ਦੇ ਘਿਨੋਣੇ ਅਪਰਾਧ 'ਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ੇਗੀ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਹਰ ਧਰਮ ਧਰਮ ਦੀ ਰਾਖੀ ਦਾ ਮਾਰਗ ਦਿਖਾਇਆ ਹੈ |
328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਸ਼ੋ੍ਰਮਣੀ ਕਮੇਟੀ ਦੇ ਤਤਕਾਲੀ ਅਧਿਕਾਰੀਆਂ ਤੇ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ
ਅਜੀਤ ਡੈਸਕ
08-12-2025