ਨਵੀਂ ਦਿੱਲੀ, 23 ਦਸੰਬਰ (ਜਗਤਾਰ ਸਿੰਘ)-ਉੱਤਰ ਪ੍ਰਦੇਸ਼ ਦੇ ਉਨਾਵ ਜਬਰ ਜਨਾਹ ਮਾਮਲੇ ਵਿਚ ਸਜ਼ਾ ਭੁਗਤ ਰਹੇ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਦਿੱਲੀ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ¢ ਜਸਟਿਸ ਸੁਬਰਾਮਨੀਅਮ ਪ੍ਰਸਾਦ ਅਤੇ ਹਰੀਸ਼ ਵੈਦਿਆਨਾਥਨ ਸ਼ੰਕਰ ਦੀ ਬੈਂਚ ਨੇ ਸੇਂਗਰ ਦੀ ਸਜ਼ਾ ਨੂੰ ਉਸ ਦੀ ਸਜ਼ਾ ਵਿਰੁੱਧ ਅਪੀਲ ਲੰਬਿਤ ਰਹਿਣ ਤੱਕ ਮੁਲਤਵੀ ਕਰ ਦਿੱਤਾ ¢ ਅਦਾਲਤ ਨੇ ਸੇਂਗਰ ਨੂੰ ਦਿੱਤੀ ਗਈ ਉਮਰ ਕੈਦ ਦੀ ਸਜ਼ਾ 'ਤੇ ਰੋਕ ਲਾਉਂਦੇ ਹੋਏ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ ਅਤੇ ਉਸ ਨੂੰ 15 ਲੱਖ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਰਿਹਾਅ ਕਰਨ ਦਾ ਨਿਰਦੇਸ਼ ਦਿੱਤਾ ¢ ਹਾਲਾਂਕਿ ਅਦਾਲਤ ਨੇ ਇਹ ਸ਼ਰਤ ਰੱਖੀ ਹੈ ਕਿ ਕੁਲਦੀਪ ਸੇਂਗਰ, ਪੀੜਤ ਦੇ 5 ਕਿੱਲੋਮੀਟਰ ਦੇ ਦਾਇਰੇ ਵਿਚ ਨਹੀਂ ਜਾ ਸਕੇਗਾ ¢ ਸੇਂਗਰ ਨੂੰ ਆਪਣਾ ਪਾਸਪੋਰਟ ਜਮ੍ਹਾਂ ਕਰਾਉਣਾ ਪਵੇਗਾ ਅਤੇ ਹਰ ਸੋਮਵਾਰ ਨੂੰ ਪੁਲਿਸ ਥਾਣੇ 'ਚ ਹਾਜ਼ਰੀ ਲਗਾਉਣੀ ਪਵੇਗੀ ¢ ਅਦਾਲਤ ਨੇ ਨਿਰਦੇਸ਼ ਦਿੱਤਾ ਹੈ ਕਿ ਉਹ ਪੀੜਤਾ ਦੇ ਨੇੜੇ ਨਹੀਂ ਜਾਵੇਗਾ ਅਤੇ ਨਾ ਹੀ ਉਸ ਦੇ ਪਰਿਵਾਰ ਨੂੰ ਧਮਕਾਏਗਾ ¢ ਦੱਸਣਯੋਗ ਹੈ ਕਿ ਇਹ ਮਾਮਲਾ 2017 ਨਾਲ ਸਬੰਧਿਤ ਹੈ ਜਦੋਂ ਉਨਾਵ ਵਿਚ ਇਕ ਨਾਬਾਲਗ ਕੁੜੀ ਨੇ ਤਤਕਾਲੀ ਭਾਜਪਾ ਵਿਧਾਇਕ ਕੁਲਦੀਪ ਸੇਂਗਰ 'ਤੇ ਜਬਰ ਜਨਾਹ ਦਾ ਦੋਸ਼ ਲਾਇਆ ਸੀ ¢ ਇਸ ਮਾਮਲੇ ਨੇ ਉਸ ਸਮੇਂ ਤੂਲ ਫੜਿਆ ਜਦੋਂ ਪੀੜਤਾ ਨੇ ਨਿਆਂ ਨਾ ਮਿਲਣ 'ਤੇ ਮੁੱਖ ਮੰਤਰੀ ਹਾਊਸ ਦੇ ਬਾਹਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ¢ ਇਸ ਤੋਂ ਬਾਅਦ ਪੀੜਤਾ ਦੇ ਪਿਤਾ ਦੀ ਪੁਲਿਸ ਹਿਰਾਸਤ ਵਿਚ ਮੌਤ ਅਤੇ ਪੀੜਤਾ ਦੀ ਕਾਰ ਦਾ ਸ਼ੱਕੀ ਐਕਸੀਡੈਂਟ ਹੋਣ ਨਾਲ ਪੂਰੇ ਦੇਸ਼ ਵਿਚ ਰੋਸ ਫੈਲ ਗਿਆ ਸੀ ¢ ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਮਾਮਲਾ ਦਿੱਲੀ ਟਰਾਂਸਫ਼ਰ ਹੋਇਆ ਅਤੇ 2019 ਵਿਚ ਤੀਸ ਹਜ਼ਾਰੀ ਕੋਰਟ ਨੇ ਸੇਂਗਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ ¢