ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਦਿੱਲੀ ਤੇ ਪੰਜਾਬ ਦੇ ਮੁੱਦਿਆਂ 'ਤੇ ਕੀਤੀ ਚਰਚਾ
ਜਲੰਧਰ, 23 ਦਸੰਬਰ (ਜਸਪਾਲ ਸਿੰਘ)-ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਮਨੀਸ਼ ਸਿਸੋਦੀਆ ਅੱਜ ਉਚੇਚੇ ਤੌਰ 'ਤੇ 'ਅਜੀਤ' ਭਵਨ ਵਿਖੇ ਪੁੱਜੇ, ਜਿੱਥੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਤੇ ਸੀਨੀਅਰ ਐਗਜ਼ੈਕਟਿਵ ਸ੍ਰੀਮਤੀ ਗੁਰਜੋਤ ਕੌਰ ਸਮੇਤ ਹੋਰਨਾਂ ਸਟਾਫ਼ ਮੈਂਬਰਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਪੰਜਾਬ ਦੇ ਇੰਚਾਰਜ ਬਣਨ ਤੋਂ ਬਾਅਦ ਪਹਿਲੀ ਵਾਰ 'ਅਜੀਤ' ਭਵਨ ਪੁੱਜੇ ਸ੍ਰੀ ਮਨੀਸ਼ ਸਿਸੋਦੀਆ ਨੇ ਡਾ. ਹਮਦਰਦ ਨਾਲ ਜਿੱਥੇ ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਕੀਤੀ, ਉਥੇ ਦਿੱਲੀ ਅਤੇ ਪੰਜਾਬ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ 'ਤੇ ਵੀ ਲੰਬੀ ਚਰਚਾ ਕੀਤੀ | ਉਨ੍ਹਾਂ ਕਿਹਾ ਕਿ 'ਅਜੀਤ' ਭਵਨ ਵਿਖੇ ਆ ਕੇ ਉਨ੍ਹਾਂ ਨੂੰ ਆਪਣੇ ਪੱਤਰਕਾਰੀ ਦੇ ਪੁਰਾਣੇ ਦਿਨ ਯਾਦ ਆ ਗਏ ਹਨ | ਸਿਆਸਤ 'ਚ ਆਉਣ ਤੋਂ ਪਹਿਲਾਂ ਲੰਬਾ ਸਮਾਂ ਪੱਤਰਕਾਰੀ ਨਾਲ ਜੁੜੇ ਰਹੇ ਸ੍ਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਹ ਜਿੱਥੇ ਪੱਤਰਕਾਰੀ ਦੀਆਂ ਬਾਰੀਕੀਆਂ ਤੋਂ ਚੰਗੀ ਤਰ੍ਹਾਂ ਨਾਲ ਵਾਕਫ਼ ਹਨ, ਉਥੇ ਉਨ੍ਹਾਂ ਨੂੰ ਪੱਤਰਕਾਰੀ ਦੇ ਖੇਤਰ 'ਚ ਆਉਣ ਵਾਲੀਆਂ ਮੁਸ਼ਕਿਲਾਂ ਤੇ ਚੁਣੌਤੀਆਂ ਦਾ ਵੀ ਪੂਰੀ ਤਰ੍ਹਾਂ ਨਾਲ ਅਹਿਸਾਸ ਹੈ | ਇਸ ਮੌਕੇ ਉਨ੍ਹਾਂ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਆਪਣੀ ਨਿਰਪੱਖ ਤੇ ਬੇਬਾਕ ਪੱਤਰਕਾਰੀ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਕੀਤੀ ਜਾ ਰਹੀ ਸੇਵਾ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਦਾਰਾ 'ਅਜੀਤ' ਨੇ ਹਮੇਸ਼ਾ ਪੱਤਰਕਾਰੀ ਦੇ ਉੱਚ ਮਿਆਰ ਕਾਇਮ ਰੱਖਦੇ ਹੋਏ ਸਾਫ਼ ਸੁਥਰੀ ਤੇ ਲੋਕ ਪੱਖੀ ਪੱਤਰਕਾਰੀ ਨੂੰ ਤਰਜੀਹ ਦਿੱਤੀ ਹੈ | ਇਸ ਮੌਕੇ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਸ੍ਰੀ ਸਿਸੋਦੀਆ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਤੋਂ ਪਹਿਲਾਂ ਸੂਬੇ ਦੇ ਵੱਖ-ਵੱਖ ਮਸਲਿਆਂ 'ਤੇ ਚਰਚਾ ਕਰਦਿਆਂ ਸ੍ਰੀ ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਵੀ ਸੂਬੇ ਦੀ ਸਿਆਸਤ ਨੂੰ ਇਕ ਨਵੀਂ ਦਿਸ਼ਾ ਦਿੱਤੀ ਗਈ ਹੈ ਤੇ ਅੱਜ ਪੰਜਾਬ ਹਰ ਖੇਤਰ 'ਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ | ਉਨ੍ਹਾਂ ਕਿਹਾ ਕਿ ਬੇਸ਼ੱਕ ਦਿੱਲੀ ਦੇ ਮੁਕਾਬਲੇ ਪੰਜਾਬ ਦੇ ਲੋਕਾਂ ਦੀਆਂ ਤਰਜੀਹਾਂ ਅਤੇ ਲੋੜਾਂ ਬਿਲਕੁਲ ਵੱਖਰੀਆਂ ਹਨ ਪਰ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਤੇ ਤਰੱਕੀ ਲਈ ਪੂਰੀ ਸ਼ਿੱਦਤ ਨਾਲ ਕੰਮ ਰਹੀ ਹੈ | ਇਸ ਦੇ ਨਾਲ ਹੀ ਦਿੱਲੀ ਦੇ ਸਕੂਲਾਂ ਦੀ ਕਾਇਆ ਕਲਪ ਕਰਨ ਤੇ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਵਾਲੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਕਾਲਜਾਂ 'ਚ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਕਿੱਤਾਮੁਖੀ ਸਿੱਖਿਆ ਨਾਲ ਜੋੜਨ ਤੇ ਉਨ੍ਹਾਂ ਅੰਦਰ ਵਪਾਰ ਤੇ ਉਦਯੋਗ ਨਾਲ ਸੰਬੰਧਿਤ ਰੁਚੀਆਂ ਤੇ ਹੁਨਰ ਵਿਕਸਿਤ ਕਰਨ ਲਈ ਇਕ ਵਿਆਪਕ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਹੁਣ ਵਿਦਿਆਰਥੀਆਂ ਨੂੰ ਰਵਾਇਤੀ ਕੋਰਸਾਂ ਦੇ ਨਾਲ-ਨਾਲ ਇਹ ਵੱਖਰੇ ਕੋਰਸ ਕਰਨੇ ਲਾਜ਼ਮੀ ਹਨ | ਇਸੇ ਤਰ੍ਹਾਂ ਸਿਹਤ ਦੇ ਖੇਤਰ 'ਚ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਮਿਸਾਲੀ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ | ਬਾਅਦ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨੀਸ਼ ਸਿਸੋਦੀਆ ਨੇ ਸਕੂਲਾਂ ਨੂੰ ਬੰਬ ਨਾਲ ਉਡਾਏ ਜਾਣ ਸੰਬੰਧੀ ਮਿਲ ਰਹੀਆਂ ਧਮਕੀਆਂ ਬਾਰੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਸਖ਼ਤੀ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਅਜਿਹੇ ਲੋਕਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਅਰਾਵਲੀ ਪਹਾੜੀਆਂ ਸੰਬੰਧੀ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਉੱਤਰ ਭਾਰਤ ਦੇ ਕਈ ਰਾਜਾਂ 'ਚ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪੈਦਾ ਹੋਈ ਦੁਬਿਧਾ ਨੂੰ ਦੂਰ ਕਰਨਾ ਸਰਕਾਰ ਦਾ ਫਰਜ਼ ਹੈ ਤੇ ਅਰਾਵਲੀ ਦੀਆਂ ਪਹਾੜੀਆਂ ਉੱਤਰੀ ਭਾਰਤ ਲਈ ਹੀ ਨਹੀਂ ਸਗੋਂ ਸਮੁੱਚੇ ਮੁਲਕ ਲਈ ਬੇਹੱਦ ਜ਼ਰੂਰੀ ਹਨ |
'ਅਜੀਤ' ਭਵਨ ਪੁੱਜੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ <br/>
ਅਜੀਤ ਡੈਸਕ
24-12-2025