ਨਵੀਂ ਦਿੱਲੀ, 23 ਦਸੰਬਰ (ਪੀ. ਟੀ. ਆਈ.)-ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ ਵਿਸ਼ਵ ਬਾਜ਼ਾਰਾਂ 'ਚ ਮਜ਼ਬੂਤ ਰੁਝਾਨਾਂ ਨੂੰ ਦੇਖਦੇ ਹੋਏ ਦਿੱਲੀ 'ਚ ਸੋਨੇ ਦੀਆਂ ਕੀਮਤਾਂ 2,650 ਰੁਪਏ ਚੜ੍ਹ ਕੇ 1,40,850 ਰੁਪਏ ਪ੍ਰਤੀ 10 ਗ੍ਰਾਮ ਦੀ ਨਵੀਂ ਸਿਖਰ 'ਤੇ ਪਹੁੰਚ ਗਈਆਂ | ਜ਼ਿਕਰਯੋਗ ਹੈ ਕਿ ਸੋਮਵਾਰ ਨੂੰ 99.9 ਫ਼ੀਸਦ ਸ਼ੁੱਧਤਾ ਵਾਲੀ ਕੀਮਤੀ ਧਾਤ 1,38,200 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਸੀ | ਇਸ ਸਾਲ ਹੁਣ ਤੱਕ, ਘਰੇਲੂ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 61,900 ਰੁਪਏ ਜਾਂ 78.40 ਫ਼ੀਸਦ ਵੱਧ ਗਈਆਂ ਹਨ, ਜੋ ਕਿ 31 ਦਸੰਬਰ, 2024 ਨੂੰ 78,950 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਸੀ | ਚਾਂਦੀ ਵੀ ਲਗਾਤਾਰ ਦੂਜੇ ਦਿਨ ਤੇਜ਼ੀ ਨਾਲ ਵਧੀ, 2,750 ਰੁਪਏ ਵਧ ਕੇ 2,17,250 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ਦੇ ਰਿਕਾਰਡ ਨੂੰ ਛੂਹ ਗਈ | ਪਿਛਲੇ ਸੈਸ਼ਨ 'ਚ ਇਹ 10,400 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਤੇਜ਼ ਵਾਧੇ ਤੋਂ ਬਾਅਦ 2,14,500 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਬੰਦ ਹੋਈ ਸੀ |