ਨਵੀਂ ਦਿੱਲੀ, 27 ਦਸੰਬਰ (ਜਗਤਾਰ ਸਿੰਘ)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਨੂੰ ਸਿੱਜਦਾ ਕੀਤਾ | ਰਾਸ਼ਟਰਪਤੀ ਨੇ ਗੁਰੂ ਜੀ ਦੀ ਅਦੁੱਤੀ ਹਿੰਮਤ, ਬੁੱਧੀ ਅਤੇ ਨਿਆਂ, ਧਰਮ ਅਤੇ ਮਨੁੱਖੀ ਮਾਣ ਪ੍ਰਤੀ ਜੀਵਨ ਭਰ ਸਮਰਪਣ ਨੂੰ ਯਾਦ ਕੀਤਾ | ਸੋਸ਼ਲ ਮੀਡੀਆ ਪਲੇਟਫ਼ਾਰਮ 'ਐਕਸ' 'ਤੇ ਇਕ ਪੋਸਟ 'ਚ ਮੁਰਮੂ ਨੇ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁੱਭ ਮੌਕੇ ਸਾਰਿਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ | ਅਦੁੱਤੀ ਹਿੰਮਤ ਅਤੇ ਅਸਾਧਾਰਨ ਬੁੱਧੀ ਨਾਲ, ਉਨ੍ਹਾਂ ਨੇ ਲੋਕਾਂ ਨੂੰ ਸਹੀ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕੀਤਾ, ਆਪਣੇ ਪੈਰੋਕਾਰਾਂ ਨੂੰ ਇਕ ਅਜਿਹੀ ਸ਼ਕਤੀ 'ਚ ਬਦਲ ਦਿੱਤਾ ਜੋ ਨਿਆਂ ਅਤੇ ਸਵੈ-ਮਾਣ ਦੇ ਆਦਰਸ਼ਾਂ ਦੀ ਰੱਖਿਆ ਕਰਨ ਦੇ ਜੋਸ਼ ਤੋਂ ਪ੍ਰੇਰਿਤ ਹੋ ਕੇ, ਸ਼ਕਤੀਸ਼ਾਲੀ ਦੁਸ਼ਮਣਾਂ ਦਾ ਬਹਾਦਰੀ ਨਾਲ ਸਾਹਮਣਾ ਕਰ ਸਕਦੀ ਸੀ |