ਨਵੀਂ ਦਿੱਲੀ, 28 ਦਸੰਬਰ (ਮਿਸਰਦੀਪ ਭਾਟੀਆ)-ਰਾਜਧਾਨੀ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਏਨਾ ਵਧ ਗਿਆ ਹੈ ਕਿ ਲੋਕ ਘਰਾਂ ਦੇ ਅੰਦਰ ਰਹਿਣ ਲਈ ਮਜਬੂਰ ਹਨ | 28 ਦਸੰਬਰ ਦੀ ਸਵੇਰ ਨੂੰ ਵੀ ਪ੍ਰਦੂਸ਼ਣ ਅਤੇ ਮੌਸਮ ਦੀ ਦੋਹਰੀ ਮਾਰ ਝੱਲਣੀ ਪਈ | ਸਵੇਰ ਵੇਲੇ ਸੰਘਣੀ ਧੁੰਦ ਛਾਈ ਹੋਈ ਸੀ ਜਿਸ ਨਾਲ ਵਿਜੀਬਿਲਟੀ ਬਹੁਤ ਘਟ ਗਈ ਅਤੇ ਡਰਾਈਵਰਾਂ ਨੂੰ ਹੈੱਡਲਾਈਟਾਂ ਆਨ ਕਰ ਕੇ ਸਫ਼ਰ ਕਰਨਾ ਪਿਆ | ਸੰਘਣੀ ਧੁੰਦ ਦੇ ਕਾਰਨ ਉਡਾਣਾਂ ਅਤੇ ਰੇਲ ਗੱਡੀਆਂ ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਹਨ | ਸਰਕਾਰੀ ਐਪ 'ਸਮੀਰ' ਅਨੁਸਾਰ ਐਤਵਾਰ ਸਵੇਰੇ 8 ਵਜੇ ਦਿੱਲੀ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ 400 ਦੇ ਨੇੜੇ ਦਰਜ ਕੀਤਾ ਗਿਆ | ਜੋ ਬੇਹੱਦ 'ਮਾੜੀ' ਸ਼੍ਰੇਣੀ ਵਿਚ ਆਉਂਦਾ ਹੈ | ਪ੍ਰਦੂਸ਼ਣ ਦਾ ਇਹ ਪੱਧਰ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਹਵਾ ਸਾਹ ਲੈਣ ਦੇ ਯੋਗ ਨਹੀਂ | ਦਿੱਲੀ ਦੇ ਕਈ ਇਲਾਕਿਆਂ ਵਿਚ ਹਾਲਾਤ ਔਸਤ ਨਾਲੋਂ ਕਿਤੇ ਜ਼ਿਆਦਾ ਗੰਭੀਰ ਨਜ਼ਰ ਆਏ | ਆਨੰਦ ਵਿਹਾਰ ਵਿਚ ਏ.ਕਿਊ.ਆਈ. 445 ਦਰਜ ਕੀਤਾ ਗਿਆ, ਜਦਕਿ ਸ਼ਾਦੀਪੁਰ ਵਿਚ ਇਹ 447 ਤੱਕ ਪਹੁੰਚ ਗਿਆ | ਇਹ ਅੰਕੜੇ ਦਰਸਾਉਂਦੇ ਹਨ ਕਿ ਦਿੱਲੀ ਦੀ ਹਵਾ ਜ਼ਹਿਰੀਲੀ ਹੈ | ਮੌਸਮ ਵਿਭਾਗ ਨੇ 28 ਦਸੰਬਰ ਦੇ ਲਈ ਪਹਿਲਾਂ ਹੀ ਯੈਲੋ ਅਲਰਟ ਜਾਰੀ ਕੀਤਾ ਸੀ ਜੋ ਐਤਵਾਰ ਸਵੇਰੇ ਸਹੀ ਸਾਬਤ ਹੋਇਆ ਹੈ | ਘੱਟੋ-ਘੱਟ ਤਾਪਮਾਨ 7-8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਸ ਨਾਲ ਠੰਢ ਦੇ ਨਾਲ ਕੋਰੇ ਦੀ ਤੀਬਰਤਾ ਹੋਰ ਵਧ ਗਈ ਹੈ |