ਅੰਮਿ੍ਤਸਰ, 29 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਇਕ ਪਾਸੇ ਤਾਂ ਜਨਤਕ ਇਕੱਠ ਦੌਰਾਨ ਆਪਣੀ ਫ਼ੌਜ ਦੀ ਕਿਰਕਿਰੀ ਕਰਵਾਉਂਦੇ ਹੋਏ ਇਹ ਕਹਿ ਰਹੇ ਹਨ ਕਿ ਆਪ੍ਰੇਸ਼ਨ ਸੰਧੂਰ ਦੌਰਾਨ ਪਾਕਿਸਤਾਨੀ ਫ਼ੌਜ ਬੰਕਰਾਂ 'ਚ ਲੁਕੀ ਹੋਈ ਸੀ ਅਤੇ ਇਸ ਤਣਾਅਪੂਰਨ ਸਥਿਤੀ ਦੌਰਾਨ ਉਨ੍ਹਾਂ ਨੂੰ ਖ਼ੁਦ ਬੰਕਰ ਵਿਚ ਰਹਿਣ ਦੀ ਸਲਾਹ ਦਿੱਤੀ ਗਈ ਸੀ | ਇਸ ਦੇ ਨਾਲ ਹੀ ਉਹ ਇਹ ਵੀ ਦਾਅਵਾ ਕਰ ਰਹੇ ਹਨ ਕਿ ਜੇਕਰ ਭਾਰਤ ਵਲੋਂ ਪਾਕਿ ਨੂੰ ਦੁਬਾਰਾ ਜੰਗ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਪਾਕਿਸਤਾਨ ਪੂਰੀ ਤਰ੍ਹਾਂ ਨਾਲ ਤਿਆਰ ਹੈ | ਰਾਸ਼ਟਰਪਤੀ ਜ਼ਰਦਾਰੀ ਨੇ ਕਰਾਚੀ 'ਚ ਇਕ ਰੈਲੀ ਦੌਰਾਨ ਸ਼ੇਖ਼ੀ ਮਾਰਦਿਆਂ ਕਿਹਾ ਕਿ ਪਾਕਿ ਨੇ ਮਈ 'ਚ ਭਾਰਤੀ ਹਵਾਈ ਹਮਲਿਆਂ ਦੌਰਾਨ ਸਖ਼ਤ ਜਵਾਬ ਦਿੱਤਾ | ਇਸ ਤੋਂ ਬਾਅਦ ਭਾਰਤ ਸਰਕਾਰ ਨੇ ਸਮਝ ਲਿਆ ਕਿ ਜੰਗ ਕੋਈ ਬੱਚਿਆਂ ਦੀ ਖੇਡ ਨਹੀਂ ਹੈ | ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਪਾਕਿ ਦੇ ਸੰਜਮ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਕਿਉਂਕਿ ਜੇਕਰ ਪਾਕਿਸਤਾਨ ਚਾਹੁੰਦਾ ਤਾਂ ਉਹ ਹੋਰ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗ ਸਕਦਾ ਸੀ | ਜ਼ਰਦਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਸਮਝ ਗਏ ਹਨ ਕਿ ਪਾਕਿ ਆਪਣਾ ਬਚਾਅ ਕਰਨਾ ਜਾਣਦਾ ਹੈ | ਇਸ ਦੌਰਾਨ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਚੇਅਰਮੈਨ ਅਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਸਾਡੇ ਫ਼ੌਜ ਮੁਖੀ ਦੇ ਜ਼ਿਕਰ 'ਤੇ ਲੁਕ ਜਾਂਦੇ ਹਨ | ਹੁਣ ਉਹ ਵਿਦੇਸ਼ਾਂ 'ਚ ਪਾਕਿਸਤਾਨ ਬਾਰੇ ਕੋਈ ਟਿੱਪਣੀ ਨਹੀਂ ਕਹਿੰਦੇ | ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਜੰਗ ਲਈ ਹਿੰਮਤ, ਦਿ੍ੜ੍ਹਤਾ ਅਤੇ ਕੁਰਬਾਨੀ ਦੀ ਲੋੜ ਹੁੰਦੀ ਹੈ | ਉਨ੍ਹਾਂ ਨੇ ਮਈ 'ਚ ਭਾਰਤ-ਪਾਕਿ ਵਿਚਾਲੇ ਹੋਈ 'ਜੰਗ' ਨੂੰ ਜਿੱਤਣ ਦਾ ਦਾਅਵਾ ਕਰਦਿਆਂ ਇਸ ਨੂੰ ਸਾਲ 2025 ਦੀ ਪਾਕਿ ਦੀ ਸਭ ਤੋਂ ਵੱਡੀ ਪ੍ਰਾਪਤੀ ਦੱਸਿਆ | ਉਨ੍ਹਾਂ ਕਿਹਾ ਕਿ ਜ਼ੁਲਫਿਕਾਰ ਅਲੀ ਭੁੱਟੋ ਨੇ ਪਾਕਿ ਨੂੰ ਪ੍ਰਮਾਣੂ ਸ਼ਕਤੀ ਬਣਾਇਆ ਅਤੇ ਆਸਿਫ਼ ਅਲੀ ਜ਼ਰਦਾਰੀ ਨੇ ਚੀਨ ਨਾਲ ਦੋਸਤੀ ਨੂੰ ਮਜ਼ਬੂਤ ਕੀਤਾ ਅਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੀ ਨੀਂਹ ਰੱਖੀ |