ਵਿਧਾਨ ਸਭਾ ਦੇ ਇਜਲਾਸ ਦੌਰਾਨ ਅੱਜ ਤਿੰਨ ਬਿੱਲ ਵੀ ਪਾਸ ਕੀਤੇ ਗਏ | ਦੀ ਇੰਡੀਅਨ ਸਟੈਪ (ਸੋਧ) ਬਿੱਲ 2025 ਤੇ ਪੰਜਾਬ ਭੌਂ ਮਾਲੀਆ ਸੋਧ ਬਿੱਲ (2025) ਟਾਈਟਲ ਡੀਡ ਸਮਾਂ ਕਰਵਾਉਣ ਅਤੇ ਗਿਰਵੀਕਰਨ ਨਾਲ ਜੁੜੀ ਅਸ਼ਟਾਮ ਫੀਸ ਨੂੰ ਤਰਕਸੰਗਤ ਕਰਨ ਲਈ ਹਨ ਤਾਂ ਜੋ ਇਕ ਕਰਜ਼ਾ ਕੇਸ ਲਈ ਦੋਹਰੀ ਅਸ਼ਟਾਮ ਡਿਊਟੀ ਨਾ ਦੇਣੀ ਪਵੇ | ਪੰਜਾਬ ਆਬਾਦੀ ਦੇਹ (ਰਿਕਾਰਡ ਆਫ਼ ਰਾਈਟਸ) ਐਕਟ-2021 ਵਿਚਲੀ ਸੋਧ ਇਤਰਾਜ਼ਾਂ ਤੇ ਅਪੀਲਾਂ ਦੀ ਸਮਾਂ ਹੱਦ ਘਟਾਉਣ ਲਈ ਹੈ ਤਾਂ ਜੋ 'ਮੇਰਾ ਘਰ ਮੇਰੇ ਨਾਮ' ਯੋਜਨਾ 'ਚ ਤੇਜ਼ੀ ਆ ਸਕੇ | ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਪੰਜਾਬ ਭੌਂ ਮਾਲੀਆ ਐਕਟ ਸੋਧ ਦਾ ਮੰਤਵ ਅਥਾਰਟੀਆਂ ਕੋਲ ਪਏ ਕੇਸਾਂ ਨੂੰ ਤੇਜ਼ੀ ਨਾਲ ਕਰਨ ਅਤੇ ਡਿਜੀਟਲ ਰਿਕਾਰਡਾਂ ਤੇ ਡਿਜੀਟਲ ਦਸਖ਼ਤਾਂ ਨੂੰ ਕਾਨੂੰਨੀ ਮਾਨਤਾ ਦੇਣਾ ਹੈ |