ਬੀਣੇਵਾਲ, 4 ਜੂਨ (ਬੈਜ ਚੌਧਰੀ)-ਸ਼ਿਵਾਲਿਕ ਦੀਆਂ ਪਹਾੜੀਆਂ 'ਚ ਅੰਨ੍ਹੇਵਾਹ ਹੋ ਰਹੀ ਨਾਜਾਇਜ਼ ਮਾਈਨਿੰਗ ਕਰਕੇ ਧਰਤੀ ਦੀ ਹਿਕ ਪਾੜ ਕੇ ਜੇ.ਸੀ.ਬੀ./ਪੋਕ ਲਾਈਨਾਂ ਨਾਲ ਕਰੈਸ਼ਰ ਮਾਲਕਾਂ ਵਲੋਂ ਕੱਢੀ ਜਾ ਰਹੀ ਖਨਣ ਸਮੱਗਰੀ ਰੇਤ, ਬਜਰੀ, ਰੋੜੀ, ਕੌਰਸ ਸੈਂਡ ਆਦਿ ਨੂੰ ਇਲਾਕੇ ਤੋਂ ਬਾਹਰ ਲੈ ਕੇ ਜਾਣ ਲਈ ਬੀਤ ਇਲਾਕੇ ਦੀਆਂ ਸੜਕਾਂ ਸੇਫ਼ ਜ਼ੋਨ ਸਾਬਿਤ ਹੋ ਰਹੀਆਂ ਹਨ | ਅੱਜ-ਕੱਲ੍ਹ ਵੱਡੀ ਗਿਣਤੀ 'ਚ ਰੇਤ ਅਤੇ ਹੋਰ ਖਣਨ ਸਮੱਗਰੀ ਨਾਲ ਭਰੇ ਟਿੱਪਰ ਅਤੇ ਟਰਾਲੀਆਂ ਮੈਹਿੰਦਵਾਣੀ, ਸਿੰਗਾ, ਨੰਗਲ ਰੋਡ, ਖੁਰਾਲਗੜ੍ਹ ਸਾਹਿਬ ਰੋਡ ਅਤੇ ਖੂਹੀ ਰੋਡ ਤੋਂ ਬੀਤ ਇਲਾਕੇ ਵਿਚ ਦਾਖਲ ਹੋ ਕੇ ਅੱਗੇ ਅੱਡਾ ਪੋਜੇਵਾਲ ਸਰਾਂ ਤੋਂ ਹੋ ਕੇ ਰਾਇਲਟੀ ਫ਼ੀਸ ਅਤੇ ਜੀ.ਐਸ.ਟੀ. ਅਦਾ ਕੀਤੇ ਵਗੈਰ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦੀਆਂ ਹਨ | ਜਿਸ ਦੀ ਮਾਈਨਿੰਗ ਤੇ ਜੀ.ਐਸ.ਟੀ. ਵਿਭਾਗ ਨੂੰ ਭਿਣਕ ਤੱਕ ਨਹੀਂ ਲੱਗਦੀ | ਲਿਹਾਜ਼ਾ ਹਰ ਰੋਜ਼ ਲੱਖਾਂ ਰੁਪਏ ਦੀ ਟੈਕਸ ਚੋਰੀ ਹੋ ਰਹੀ ਹੈ | ਪਰ ਨਾ ਤਾਂ ਮਾਈਨਿੰਗ ਵਿਭਾਗ ਦੇ ਕੰਨਾਂ 'ਤੇ ਜੂੰ ਸਰਕ ਦੀ ਹੈ ਨਾ ਹੀ ਜੀ.ਐਸ.ਟੀ. ਵਿਭਾਗ ਦੇ | ਜ਼ਿਕਰਯੋਗ ਹੈ ਕਿ ਨੰਗਲ ਰੋਡ ਤੇ ਸ਼ਾਹਪੁਰ ਅੱਡੇ 'ਚ ਮਾਈਨਿੰਗ ਵਿਭਾਗ ਦਾ ਨਾਕਾ ਲੱਗਿਆ ਹੈ ਤੇ ਦੂਸਰੇ ਪਾਸੇ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਅੱਡਾ ਸਿੰਘਪੁਰ 'ਚ ਪੁਲਿਸ ਦਾ ਹਾਈਟੈੱਕ ਨਾਕਾ ਲੱਗਿਆ ਹੈ | ਇਨ੍ਹਾਂ ਨਾਕਿਆਂ ਤੋਂ ਬਚਣ ਲਈ ਹਰ ਰੋਜ਼ ਵੱਡੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਬੀਤ ਇਲਾਕੇ ਦੀਆਂ ਸੜਕਾਂ ਤੋਂ ਲੰਘਦੀਆਂ ਹਨ, ਜਿਸ ਨਾਲ ਸਰਕਾਰ ਨੂੰ ਵੱਡੇ ਪੱਧਰ 'ਤੇ ਚੂਨਾ ਲਗਾਇਆ ਜਾ ਰਿਹਾ ਹੈ | ਸੰਪਰਕ ਕਰਨ 'ਤੇ ਜੀ.ਐਸ.ਟੀ. ਵਿਭਾਗ ਦੇ ਕਮਿਸ਼ਨਰ ਹੁਸ਼ਿਆਰਪੁਰ ਪਰਮਜੀਤ ਸਿੰਘ ਨੇ ਕਿਹਾ ਕਿ ਸਾਡਾ ਮਾਈਨਿੰਗ ਸਬੰਧੀ (ਰੋਡ ਜੀ.ਐਸ.ਟੀ.) ਚੈੱਕ ਕਰਨ ਲਈ ਮੋਬਾਈਲ ਵਿੰਗ ਦਾ ਦਫ਼ਤਰ ਜਲੰਧਰ ਵਿਚ ਹੈ | ਇਸ ਬਾਰੇ ਉਹੀ ਕਾਰਵਾਈ ਕਰ ਸਕਦੇ ਹਨ | ਦੂਸਰੇ ਪਾਸੇ ਮਾਈਨਿੰਗ ਵਿਭਾਗ ਦੇ ਐਸ.ਡੀ.ਓ. ਹਰਜਿੰਦਰ ਸਿੰਘ ਹਰ ਵਾਰੀ ਘੜਿਆ ਘੜਾਇਆ ਜਵਾਬ ਦਿੰਦੇ ਹਨ ਕਿ ਕਲ ਨੂੰ ਨਾਕਾ ਲਗਾ ਦੇਣਾ ਹੈ ਪਰ ਉਹ ਕਲ ਕਦੋਂ ਆਉਣੀ ਇਹ ਤਾ ਐਸ.ਡੀ.ਓ. ਹੀ ਚੰਗੀ ਤਰ੍ਹਾਂ ਦਸ ਸਕਦੇ ਹਨ |