ਜਲੰਧਰ, 4 ਸਤੰਬਰ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਤੇ ਦੁਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚÏਹਾਨ ਨੇ ਕਿਹਾ ਹੈ ਹੜ੍ਹਾਂ ਕਾਰਨ ਸੂਬੇ ਅੰਦਰ ਵੱਡੀ ਪੱਧਰ 'ਤੇ ਤਬਾਹੀ ਹੋਈ ਹੈ ਤੇ ਇਨ੍ਹਾਂ ਹੜ੍ਹਾਂ 'ਚ ਹੁਣ ਤੱਕ 36 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ | ਇਸ ਸੰਕਟ ਦੇ ਸਮੇਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਘਟਨ, ਕਿਸਾਨ ਜਥੇਬੰਦੀਆਂ ਤੇ ਐਨ. ਆਰ. ਆਈ. ਵੀਰ ਰਾਹਤ ਕਾਰਜਾਂ 'ਚ ਲੱਗੇ ਹੋਏ ਹਨ | ਪਰ ਅਫਸੋਸ ਦੀ ਗੱਲ ਹੈ ਕਿ ਪ੍ਰਭਾਵਿਤ ਇਲਾਕਿਆਂ ਵਿਚ ਚਾਹੇ ਗੱਲ ਡੇਰਾ ਬਾਬਾ ਨਾਨਕ, ਅਜਨਾਲਾ, ਫਤਹਿਗੜ੍ਹ ਚੂੜੀਆਂ, ਫਿਰੋਜ਼ਪੁਰ ਜਾਂ ਹੋਰ ਇਲਾਕਿਆਂ ਦੀ ਕਰੀਏ ਤਾਂ ਦੇਖਣ ਵਿਚ ਆਇਆ ਹੈ ਕਿ ਇਨ੍ਹਾਂ ਖੇਤਰਾਂ 'ਚ ਰਾਹਤ ਸਮੱਗਰੀ ਲੋੜਵੰਦ ਲੋਕਾਂ ਤੱਕ ਨਹੀਂ ਪਹੁੰਚ ਰਹੀ ਤੇ ਕੁਝ ਬੇਲੋੜੇ ਲੋਕਾਂ ਵਲੋਂ ਇਸ ਰਾਹਤ ਸਮੱਗਰੀ ਨੂੰ ਸਟੋਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਵਿਅਕਤੀ ਜਾਂ ਸੰਸਥਾ ਰਾਹਤ ਸਮਗਰੀ ਲੈ ਕੇ ਜਾਂਦਾ ਹੈ ਤਾਂ ਉਸ ਨੂੰ ਸਹੀ ਜਗ੍ਹਾ 'ਤੇ ਪਹੁੰਚਣ ਤੋਂ ਪਹਿਲਾਂ ਹੀ ਟਰਾਲੀਆਂ ਤੇ ਗੱਡੀਆਂ ਨੂੰ ਘੇਰ ਕੇ ਕੁਝ ਲੋਕਾਂ ਵਲੋਂ ਖੁਦ ਨੂੰ ਪੀੜਤ ਦੱਸ ਕੇ ਉਸ ਸਾਮਾਨ ਨੂੰ ਆਪਣੇ ਘਰਾਂ 'ਚ ਜਮ੍ਹਾਂ ਕਰ ਲਿਆ ਜਾਂਦਾ ਹੈ | ਉਨ੍ਹਾਂ ਐਨ. ਆਰ. ਆਈ. ਵੀਰਾਂ ਤੇ ਹੋਰਨਾਂ ਮਦਦਗਾਰ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੁਦ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਲੋੜਵੰਦਾਂ ਦੀ ਪਛਾਣ ਕਰਕੇ ਹੀ ਉਨ੍ਹਾਂ ਤੱਕ ਮਦਦ ਪਹੁੰਚਾਉਣ | ਉਨ੍ਹਾਂ ਕਿਹਾ ਕਿ ਅਸਲ ਰਾਹਤ ਦੀ ਲੋੜ ਉਸ ਸਮੇਂ ਪੈਣੀ ਹੈ, ਜਦੋਂ ਹੜ੍ਹਾਂ ਦਾ ਪਾਣੀ ਨਿਕਲ ਜਾਣਾ ਹੈ ਤਾਂ ਉਸ ਸਮੇਂ ਕਣਕਾਂ ਦੇ ਬੀਜ, ਖਾਦਾਂ, ਖੇਤ ਪੱਧਰੇ ਕਰਨ ਵਾਸਤੇ ਟਰੈਕਟਰ ਡੀਜ਼ਲ ਤੇ ਘਰਾਂ ਦੀ ਉਸਾਰੀ ਤੇ ਇਮਾਰਤਾਂ ਦੀ ਮੁਰੰਮਤ ਕਰਨ ਵਾਸਤੇ ਬਹੁਤ ਮਦਦ ਦੀ ਲੋੜ ਪੈਣੀ ਹੈ ਤੇ ਇਹ ਮਦਦ ਉਸ ਸਮੇਂ ਕੀਤੀ ਜਾ ਸਕਦੀ ਹੈ |