ਜਲੰਧਰ, 4 ਸਤੰਬਰ (ਜਸਪਾਲ ਸਿੰਘ)-ਸਮਾਜ ਸੇਵਕ ਸੁਖਵਿੰਦਰਜੀਤ ਸਿੰਘ ਬੀਰਾ ਝੱਜੀ ਪਿੰਡ ਨੇ ਕਿਹਾ ਕਿ ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਹੜ੍ਹਾਂ ਆਉਣ ਕਾਰਨ ਵੱਡੀ ਪੱਧਰ 'ਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਤੇ ਅਜਿਹੇ ਨਾਜ਼ੁਕ ਹਾਲਾਤ 'ਚ ਜਿਸ ਤਰ੍ਹਾਂ ਸਮੂਹ ਪੰਜਾਬੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ, ਉਹ ਵਾਕਿਆ ਹੀ ਸ਼ਲਾਘਾਯੋਗ ਹੈ | ਉਨ੍ਹਾਂ ਕਿਹਾ ਕਿ ਗੱਲ ਚਾਹੇ ਦਰਿਆਵਾਂ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੀ ਹੋਵੇ ਜਾਂ ਹੜ੍ਹਾਂ 'ਚ ਘਿਰੇ ਲੋਕਾਂ ਨੂੰ ਕੱਢ ਕੇ ਬਾਹਰ ਸੁਰੱਖਿਅਅਤ ਥਾਵਾਂ 'ਤੇ ਪਹੁੰਚਾਉਣ ਅਤੇ ਉਨ੍ਹਾਂ ਲਈ ਰਾਸ਼ਨ-ਪਾਣੀ ਦੇ ਪ੍ਰਬੰਧ ਦੀ ਹੋਵੇ ਤਾਂ ਪੰਜਾਬੀਆਂ ਨੇ ਪ੍ਰਸ਼ਾਸਨ ਨਾਲ ਮਿਲ ਕੇ ਰਾਹਤ ਕਾਰਜਾਂ 'ਚ ਵਧ ਚੜ੍ਹ ਕੇ ਹਿੱਸਾ ਲਿਆ | ਵੱਖ-ਵੱਖ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਤੋਂ ਬਾਅਦ ਬੀਰਾ ਝੱਜੀ ਪਿੰਡ ਨੇ ਕਿਹਾ ਕਿ ਰਾਹਤ ਕਾਰਜਾਂ ਦੌਰਾਨ ਵੱਡੀ ਪੱਧਰ 'ਤੇ ਵੱਖ-ਵੱਖ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ, ਐਨ. ਆਰ. ਆਈ. ਵੀਰਾਂ ਤੇ ਹੋਰਨਾਂ ਦਾਨੀ ਸੱਜਣਾਂ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਰਾਸ਼ਨ ਸਮੱਗਰੀ ਵੰਡੀ ਜਾ ਰਹੀ ਹੈ ਪਰ ਦੇਖਣ 'ਚ ਆਇਆ ਹੈ ਕਿ ਇਹ ਰਾਹਤ ਸਮੱਗਰੀ ਲੋੜਵੰਦਾਂ ਤੱਕ ਨਹੀਂ ਪਹੁੰਚ ਰਹੀ ਤੇ ਕੁੱਝ ਬੇਲੋੜੇ ਲੋਕਾਂ ਵਲੋਂ ਰਾਸ਼ਨ ਵੰਡ ਰਹੀਆਂ ਸੰਸਥਾਵਾਂ ਤੇ ਦਾਨੀ ਵੀਰਾਂ ਨੂੰ ਗੁੰਮਰਾਹ ਕਰਕੇ ਰਾਸ਼ਨ ਸਮੱਗਰੀ ਹਾਸਿਲ ਕਰ ਲਈ ਜਾਂਦੀ ਹੈ ਤੇ ਅਸਲ ਲੋੜਵੰਦ ਲੋਕ ਰਾਹਤ ਸਮੱਗਰੀ ਤੋਂ ਵਾਂਝੇ ਰਹਿ ਜਾਂਦੇ ਹਨ | ਉਨ੍ਹਾਂ ਕਿਹਾ ਕਿ ਦਾਨੀ ਸੱਜਣਾਂ ਦੀਆਂ ਭਾਵਨਾਵਾਂ ਠੀਕ ਹਨ ਪਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅਸਲ ਲੋੜਵੰਦਾਂ ਦੀ ਪਛਾਣ ਕਰਕੇ ਰਾਸ਼ਨ ਸਮੱਗਰੀ ਨੂੰ ਉਨ੍ਹਾਂ ਤੱਕ ਪਹੁੰਚਾਉਣ | ਇਸ ਦੇ ਨਾਲ ਹੀ ਉਨ੍ਹਾਂ ਨੂੰ ਪਹਿਲਾਂ ਇਹ ਵੀ ਪਤਾ ਕਰ ਲੈਣਾ ਚਾਹੀਦਾ ਹੈ ਕਿ ਹੜ੍ਹ ਪੀੜਤਾਂ ਦੀਆਂ ਲੋੜਾਂ ਕੀ ਹਨ ਤੇ ਉਸ ਹਿਸਾਬ ਨਾਲ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ |