ਹੁਸ਼ਿਆਰਪੁਰ, 4 ਸਤੰਬਰ (ਹਰਪ੍ਰੀਤ ਕੌਰ)-ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਆਗੂ ਨੀਤੀ ਤਲਵਾੜ ਨੇ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਰਾਜਪੁਰ ਭਾਈਆਂ, ਬੀਬੀ ਦੀ ਪੰਡੋਰੀ ਤੇ ਪੰਡੋਰੀ ਕੱਦ ਦਾ ਦੌਰਾ ਕੀਤਾ ਜਿਥੇ ਭਾਰੀ ਬਾਰਿਸ਼ ਕਾਰਨ ਪਾਣੀ ਭਰਨ ਕਾਰਨ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੁਢਲੀਆਂ ਸਹੂਲਤਾਂ ਉਪਲਬਧ ਕਰਵਾਈਆਂ | ਨੀਤੀ ਤਲਵਾੜ ਨੇ ਕਿਹਾ ਕਿ ਹਲਕਾ ਚੱਬੇਵਾਲ 'ਚ ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਲੋਕਾਂ ਨੂੰ ਪੈਸੇ ਦੇਣ ਸੰਬੰਦੀ ਖਬਰਾਂ ਸੁਣ ਕੇ ਇੰਝ ਲੱਗਦਾ ਸੀ ਕਿ ਇਸ ਵਿਧਾਨ ਸਭਾ ਹਲਕੇ ਵਿਚ ਕੋਈ ਮਕਾਨ ਹੁਣ ਕੱਚਾ ਨਹੀਂ ਰਿਹਾ ਪਰ ਮੌਕੇ 'ਤੇ ਜਾ ਕੇ ਜੋ ਹਾਲਾਤ ਪਿੰਡਾਂ ਦੇ ਲੋਕਾਂ ਦੇ ਹਨ, ਉਹ ਕੁੱਝ ਹੋਰ ਹੀ ਤਸਵੀਰ ਬਿਆਨ ਕਰ ਰਹੇ ਹਨ | ਇਸ ਦੌਰਾਨ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ | ਉਨ੍ਹਾਂ ਕਿਹਾ ਕਿ ਪੰਜਾਬ ਦੀ ਇੱਕ ਮਾਤਰ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੇ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਨਾਲ ਖੜ੍ਹੀ ਹੈ | ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਕਿਹਾ ਕਿ 'ਆਪਾਂ ਪਹਿਲਾਂ ਪੈਰਾਂ 'ਤੇ ਆ ਜਾਈਏ ਰਾਜਨੀਤੀ ਫ਼ਿਰ ਕਰ ਲਵਾਂਗੇ' | ਇਸ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਨ੍ਹਾਂ ਪਰਿਵਾਰਾਂ ਦੇ ਮੁੜ ਵਸੇਵੇ ਦਾ ਕੰਮ ਸੰਭਾਲਣਾ ਪਵੇਗਾ | ਨੀਤੀ ਤਲਵਾੜ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮੁਸ਼ਕਿਲ ਸਮੇਂ ਵਿਚ ਉਨ੍ਹਾਂ ਦੇ ਨਾਲ ਪੂਰੀ ਤਰ੍ਹਾਂ ਖੜ੍ਹਾ ਹੈ | ਇਸ ਮੌਕੇ ਤਜਿੰਦਰ ਕੌਰ, ਸੋਨੀਆ ਤਲਵਾੜ, ਪ੍ਰੀਆ ਸੈਣੀ, ਕਿ੍ਸ਼ਨਾ ਥਾਪਰ, ਮੁਸਕਾਨ ਪਰਾਸ਼ਰ, ਸੁਖਵਿੰਦਰ ਕੌਰ, ਰੇਖਾ ਰਾਣੀ, ਬਨੀਤਾ ਸ਼ਰਮਾ, ਰਾਮ ਰੱਖੀ, ਭੁਪਿੰਦਰ ਸਿੰਘ, ਸੋਨੀ ਸੰਘਾ ਆਦਿ ਮੌਜੂਦ ਸਨ |