ਹਾਜੀਪੁਰ, 4 ਸਤੰਬਰ (ਜੋਗਿੰਦਰ ਸਿੰਘ)-ਝੀਰ ਦਾ ਖੂਹ ਤੋਂ ਲੈ ਕੇ ਮੁਕੇਰੀਆਂ ਤੱਕ ਕਰੀਬ ਦੋ ਮਹੀਨੇ ਪਹਿਲਾਂ ਬਣੀ ਸੜਕ ਟੁੱਟਣੀ ਸ਼ੁਰੂ ਹੋ ਗਈ ਹੈ | ਸੜਕ 'ਤੇ ਕਸਬਾ ਹਾਜੀਪੁਰ ਤੋਂ ਲੈ ਕੇ ਝੀਰ ਦਾ ਖੂਹ ਤੱਕ ਟੋਏ ਪੈ ਗਏ ਹਨ, ਜਿਸ ਕਰਕੇ ਰਾਹਗੀਰਾਂ ਨੂੰ ਗੁਰਜਨ ਸਮੇਂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੜਕ ਵਿਚਕਾਰ ਪਏ ਟੋਏ ਮੀਂਹ ਦੇ ਪਾਣੀ ਨਾਲ ਭਰ ਜਾਂਦੇ ਹਨ, ਜਿਸ ਕਰਕੇ ਦੋ ਪਹੀਆ ਵਾਹਨ ਚਾਲਕ ਇਨ੍ਹਾਂ ਟੋਇਆਂ 'ਚ ਡਿੱਗ ਕੇ ਸੱਟਾਂ ਲਗਾ ਰਹੇ ਹਨ | ਇਹ ਸੜਕ ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਨਾਲ ਜੋੜਦੀ ਹੈ ਤੇ ਇਸ 'ਤੇ ਭਾਰੀ ਆਵਾਜਾਈ ਰਹਿੰਦੀ ਹੈ | ਰੋਜ਼ਾਨਾ ਇਸ ਸੜਕ ਤੋਂ ਗੁਜਰਨ ਵਾਲੇ ਐਡਵੋਕੇਟ ਕੇਵਲ ਸਿੰਘ ਗੇਰਾ, ਨੌਜਵਾਨ ਸਿੰਘ ਸਭਾ ਹਾਜੀਪੁਰ ਦੇ ਆਗੂ ਸੁਖਦੇਵ ਸਿੰਘ, ਸਮਾਜ ਸੇਵਕ ਸੰਤੋਖ ਸਿੰਘ ਹਾਜੀਪੁਰ ਦਾ ਕਹਿਣਾ ਹੈ ਕਿ ਇਹ ਸੜਕ ਪੀ. ਡਬਲਿਊ. ਡੀ. ਵਿਭਾਗ ਵਲੋਂ ਕਰੀਬ ਦੋ ਮਹੀਨੇ ਪਹਿਲਾਂ ਬਣਾਈ ਗਈ ਸੀ ਪਰ ਪਹਿਲੀ ਬਰਸਾਤ 'ਚ ਹੀ ਸੜਕ ਟੁੱਟਣੀ ਸ਼ੁਰੂ ਹੋ ਗਈ ਹੈ, ਜਿਸ ਕਰਕੇ ਰਾਹਗੀਰ ਤੇ ਦੋ ਪਹੀਆ ਵਾਹਨ ਚਾਲਕ ਪ੍ਰੇਸ਼ਾਨ ਹਨ | ਉਨ੍ਹਾਂ ਇਸ ਸੜਕ ਨੂੰ ਬਣਾਉਣ ਸੰਬੰਧੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਇਸ ਸੰਬੰਧ 'ਚ ਵਿਭਾਗ ਦੇ ਐਕਸੀਅਨ ਕਮਲ ਨੇ ਦੱਸਿਆ ਮੀਂਹ ਬੰਦ ਹੋਣ 'ਤੇ ਟੋਇਆਂ ਨੂੰ ਭਰ ਦਿੱਤਾ ਜਾਵੇਗਾ |