ਕੇਂਦਰ ਤੇ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ-ਰਾਠਾਂ
ਅਜੀਤ ਡੈਸਕ
05-09-2025
ਗੜ੍ਹਸ਼ੰਕਰ, 4 ਸਤੰਬਰ (ਧਾਲੀਵਾਲ)-ਸਾਬਕਾ ਵਿਧਾਇਕ ਤੇ ਅਕਾਲੀ ਆਗੂ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਪੰਜਾਬ 'ਚ ਹੜ੍ਹਾਂ ਨਾਲ ਪੈਂਦੇ ਹੋਏ ਹਾਲਾਤ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ | ਸਾਬਕਾ ਵਿਧਾਇਕ ਨੇ ਕਿਹਾ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਜਿੱਥੇ ਕੇਂਦਰ ਸਰਕਾਰ ਨੇ ਹਾਲੇ ਕੋਈ ਯਤਨ ਨਹੀਂ ਕੀਤਾ, ਉੱਥੇ ਪੰਜਾਬ ਸਰਕਾਰ ਦੇ ਯਤਨ ਵੀ ਦਿਖਾਵੇ ਤੋਂ ਸਿਵਾਏ ਕੁੱਝ ਨਹੀਂ | ਉਨ੍ਹਾਂ ਕਿਹਾ ਕਿ ਕੇਵਲ ਤੇ ਕੇਵਲ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਵੱਲੋਂ ਪੀੜਤਾਂ ਲੋਕਾਂ ਦੀ ਬਾਂਹ ਫੜ੍ਹੀ ਗਈ ਹੈ | ਰਾਠਾਂ ਨੇ ਹੜ੍ਹਾਂ ਨਾਲ ਪੈਦਾ ਹੋਏ ਹਾਲਾਤ ਨੂੰ ਲੈ ਕੇ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਇਹ ਸਭ ਪੰਜਾਬ ਸਰਕਾਰ ਦੀ ਅਣਗਹਿਲੀ ਦਾ ਹੀ ਸਿੱਟਾ ਹੈ | ਉਨ੍ਹਾਂ ਕਿਹਾ ਕਿ ਹੜ੍ਹਾਂ ਦਾ ਪਾਣੀ ਘਟਣ ਤੋਂ ਬਾਅਦ ਕਿਸਾਨਾਂ ਨੂੰ ਇਕ ਨਵੇਂ ਸੰਘਰਸ਼ੀ ਜੀਵਨ ਦੀ ਸ਼ੁਰੂਆਤ ਕਰਨ ਪਵੇਗੀ | ਅਜਿਹੇ ਵਿਚ ਕਿਸਾਨਾਂ ਨੂੰ ਵੱਡੀ ਪੱਧਰ 'ਤੇ ਮਾਲੀ ਮਦਦ ਦੀ ਲੋੜ ਪਵੇਗੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਐਲਾਨ ਤਾਂ ਪਿਛਲੇ ਸਾਲ ਵੀ ਬਹੁਤ ਕਰ ਗਏ ਸਨ ਪਰ ਹੜ੍ਹ ਪੀੜਤਾਂ ਨੂੰ ਹਾਲੇ ਤਾਈਾ ਮਿਲਿਆ ਕੁੱਝ ਵੀ ਨਹੀਂ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਲੋਕਾਂ ਦੇ ਮੁੜ ਵਸੇਬੇ, ਘਰਾਂ, ਫ਼ਸਲਾਂ ਅਤੇ ਪਸ਼ੂਆਂ ਦੇ ਹੋਏ ਨੁਕਸਾਨ ਲਈ ਤੁਰੰਤ ਮੁਆਵਜ਼ੇ ਦਾ ਐਲਾਨ ਕਰਕੇ ਉਸਨੂੰ ਅਮਲੀ ਜਾਮਾ ਪਹਿਨਾਏ |