ਹੁਸ਼ਿਆਰਪੁਰ, 4 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ 'ਚ ਹੜ੍ਹਾਂ ਕਾਰਨ ਹੋ ਰਹੇ ਵਿਆਪਕ ਨੁਕਸਾਨ ਨੂੰ ਵੇਖਦੇ ਹੋਏ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੀ ਸੂਬਾ ਕਮੇਟੀ ਦੇ ਫੈਸਲੇ ਤਹਿਤ ਹੜ੍ਹ ਪੀੜਤਾਂ ਦੀਆਂ ਮੁਸ਼ਕਿਲਾਂ ਸੰਬੰਧੀ ਡੀ. ਐਮ. ਐਫ. ਹੁਸ਼ਿਆਰਪੁਰ ਵਲੋਂ ਸਹਾਇਕ ਡਿਪਟੀ ਕਮਿਸ਼ਨਰ ਓਇਸ਼ੀ ਮੰਡਲ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਮੰਗ ਪੱਤਰ ਭੇਜਿਆ ਗਿਆ | ਇਸ ਮੌਕੇ ਫੈਡਰੇਸ਼ਨ ਦੇ ਆਗੂਆ ਮੁਕੇਸ਼ ਕੁਮਾਰ, ਮਨਜੀਤ ਸਿੰਘ ਦਸੂਹਾ ਤੇ ਸੁਖਦੇਵ ਡਾਨਸੀਵਾਲ ਨੇ ਆਖਿਆ ਕਿ ਜਿਥੇ ਪੰਜਾਬ ਸਰਕਾਰ ਹੜਾਂ ਕਾਰਨ ਹੋਈ ਤਬਾਹੀ ਨੂੰ ਰੋਕਣ ਤੇ ਪੀੜਤ ਲੋਕਾਂ ਨੂੰ ਰਾਹਤ ਦੇਣ ਵਿਚ ਅਸਫ਼ਲ ਰਹੀ ਹੈ ਉਥੇ ਹੀ ਕੇਂਦਰ ਸਰਕਾਰ ਵਲੋਂ ਵੀ ਇਸ ਸਥਿਤੀ ਨਾਲ ਨਿਪਟਣ ਲਈ ਪੰਜਾਬ ਨੂੰ ਕਿਸੇ ਪ੍ਰਕਾਰ ਦਾ ਵਿੱਤੀ ਪੈਕੇਜ ਨਹੀਂ ਦਿੱਤਾ ਗਿਆ | ਫੈਡਰੇਸ਼ਨ ਦੇ ਆਗੂਆ ਅਸ਼ਨੀ ਕੁਮਾਰ, ਬਲਜੀਤ ਸਿੰਘ ਸੰਜੀਵ ਕਲਸੀ ਨੇ ਆਖਿਆ ਕਿ ਸੂਬਾ ਕਮੇਟੀ ਦੇ ਫੈਸਲੇ ਤਹਿਤ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਮਦਦ ਲਈ ਹੁਸ਼ਿਆਰਪੁਰ ਦੇ ਮੁਲਾਜ਼ਮਾਂ ਵਲੋਂ ਲਗਾਤਾਰ ਸਹਾਇਤਾ ਇਕੱਤਰ ਕੀਤੀ ਜਾ ਰਹੀ ਹੈ | ਇਸ ਮੌਕੇ ਸਤਪਾਲ ਕਲੇਰ, ਪ੍ਰਵੀਨ ਕੁਮਾਰ,ਜਗਦੀਪ ਕੁਮਾਰ, ਬਲਕਾਰ ਸਿੰਘ ਮੰਗਾਣੀਆਂ, ਰਮੇਸ਼ ਕੁਮਾਰ ਬੱਗਾ, ਪਵਨ ਕੁਮਾਰ, ਵਰਿੰਦਰ ਕੁਮਾਰ, ਰਕੇਸ਼ ਕੁਮਾਰ ਆਦਿ ਵੀ ਹਾਜ਼ਰ ਸਨ |