ਹੁਸ਼ਿਆਰਪੁਰ, 6 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ-ਕਮ-ਪ੍ਰਧਾਨ-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਨੇ ਕਿਹਾ ਕਿ ਲੁਧਿਆਣਾ ਬੇਵਰੇਜ ਪ੍ਰਾਈਵੇਟ ਲਿਮਟਿਡ (ਕੋਕਾ-ਕੋਲਾ) ਨੇ ਹੜ੍ਹ ਪੀੜਤਾਂ ਲਈ 2 ਲੱਖ ਰੁਪਏ ਤੇ 2000 ਪਾਣੀ ਦੀਆਂ ਬੋਤਲਾਂ ਦਾਨ ਕਰਕੇ ਮਹੱਤਵਪੂਰਨ ਯੋਗਦਾਨ ਪਾਇਆ ਹੈ | ਇਸੇ ਤਰ੍ਹਾਂ ਵਧੀਕ ਆਬਕਾਰੀ ਕਮਿਸ਼ਨਰ ਹਨੂਵੰਤ ਸਿੰਘ ਦੀ ਅਗਵਾਈ ਹੇਠ, ਉਨ੍ਹਾਂ ਦੇ ਵਿਭਾਗ ਦੇ ਕਰਮਚਾਰੀਆਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਆਪਣੀਆਂ ਤਨਖ਼ਾਹਾਂ 'ਚੋਂ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਨੂੰ 92,000 ਰੁਪਏ ਦੀ ਰਕਮ ਪ੍ਰਦਾਨ ਕੀਤੀ ਹੈ | ਡਿਪਟੀ ਕਮਿਸ਼ਨਰ ਨੇ ਇਸ ਨੇਕ ਕਾਰਜ ਲਈ ਕੰਪਨੀ ਤੇ ਆਬਕਾਰੀ ਵਿਭਾਗ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਮਦਦ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਜ਼ਰੂਰੀ ਚੀਜ਼ਾਂ ਪ੍ਰਦਾਨ ਕਰਨ 'ਚ ਬਹੁਤ ਮਦਦਗਾਰ ਹੋਵੇਗੀ | ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਹੜ੍ਹ ਵਰਗੀ ਆਫ਼ਤ ਦੇ ਸਮੇਂ ਸਮਾਜ ਦੇ ਹਰੇਕ ਵਰਗ ਨੂੰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਦੀ ਅਪੀਲ 'ਤੇ ਬਹੁਤ ਸਾਰੇ ਦਾਨੀ ਸੱਜਣ, ਸੰਸਥਾਵਾਂ ਤੇ ਆਮ ਲੋਕ ਸਰਗਰਮੀ ਨਾਲ ਸਹਿਯੋਗ ਕਰ ਰਹੇ ਹਨ | ਇਸ 'ਚ ਰਾਹਤ ਸਮੱਗਰੀ, ਰਾਸ਼ਨ ਕਿੱਟਾਂ, ਤਰਪਾਲਾਂ, ਮੱਛਰਦਾਨੀ, ਸਫ਼ਾਈ ਕਿੱਟਾਂ, ਰੋਟੀ, ਜੈਮ ਤੇ ਹੋਰ ਜ਼ਰੂਰੀ ਚੀਜ਼ਾਂ ਅਤੇ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਯੋਗਦਾਨ ਦੀ ਰਕਮ ਰੈੱਡ ਕਰਾਸ ਸੁਸਾਇਟੀ ਵਲੋਂ ਜਾਰੀ ਕੀਤੇ ਗਏ ਕਿਊ. ਆਰ. ਕੋਡ ਰਾਹੀਂ ਸਿੱਧੇ ਤੌਰ 'ਤੇ ਜਮ੍ਹਾਂ ਕਰਵਾਈ ਜਾ ਸਕਦੀ ਹੈ | ਇਸ ਤੋਂ ਇਲਾਵਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਜੋਧਾ ਮੱਲ ਰੋਡ 'ਤੇ ਸਥਿਤ ਰੈੱਡ ਕਰਾਸ ਦਫ਼ਤਰ ਵਿਖੇ ਨਿੱਜੀ ਤੌਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ |