ਜੀ. ਐਸ. ਟੀ. ਦੀਆਂ ਦਰਾਂ ਘਟਣ ਨਾਲ ਦੇਸ਼ ਦੀ ਅਰਥ-ਵਿਵਸਥਾ ਹੋਵੇਗੀ ਮਜ਼ਬੂਤ-ਮਨੋਰੰਜਨ ਕਾਲੀਆ
ਅਜੀਤ ਡੈਸਕ
25-09-2025
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਮਨੋਰੰਜਨ ਕਾਲੀਆ ਨੇ ਅੱਜ ਇੱਥੇ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਸਾਬਕਾ ਮੁੱਖ ਸੰਸਦੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਪੰੁਨ ਸ਼ਰਮਾ, ਭਾਜਪਾ ਦੀ ਮਹਿਲਾ ਆਗੂ ਮੀਨੂੰ ਸੇਠੀ, ਡਾ: ਬਿੰਦੂਸਰ ਸ਼ੁਕਲਾ, ਉਮੇਸ਼ ਜੈਨ, ਅਸ਼ਵਨੀ ਗੈਂਦ ਸਮੇਤ ਹੋਰ ਆਗੂ ਨਾਲ ਹਾਜ਼ਰ ਸਨ | ਇਸ ਮੌਕੇ ਮਨੋਰੰਜਨ ਕਾਲੀਆ ਨੇ ਕਿਹਾ ਕਿ ਜੀ.ਐਸ.ਟੀ. ਦੀਆਂ 4 ਸਲੈਬਾ ਨੂੰ ਘਟਾ ਕੇ 2 ਕਰ ਦਿੱਤਾ ਗਿਆ ਹੈ | ਪਹਿਲਾ ਜੀ.ਐਸ.ਟੀ. 'ਚ 4 ਸਲੈਬਾਂ 5 ਫ਼ੀਸਦੀ, 12 ਫ਼ੀਸਦੀ, 18 ਫ਼ੀਸਦੀ ਅਤੇ 28 ਫ਼ੀਸਦੀ ਸਨ ਅਤੇ ਹੁਣ ਅਗਲੀ ਪੀੜੀ ਦੇ ਸੁਧਾਰਾਂ ਦੇ ਬਾਅਦ ਜ਼ਿਆਦਾਤਰ ਵਸਤੂਆਂ ਲਈ ਜੀ.ਐਸ.ਟੀ. ਸਲੈਬ 5 ਫ਼ੀਸਦੀ ਅਤੇ 18 ਫ਼ੀਸਦੀ ਹੋਵੇਗੀ | ਉਨ੍ਹਾਂ ਦੱਸਿਆ ਕਿ ਅਲਟਰਾ-ਲਗਜ਼ਰੀ ਵਸਤੂਆਂ ਲਈ 40 ਫ਼ੀਸਦੀ ਜੀ.ਐਸ.ਟੀ. ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਜੀ.ਐਸ.ਟੀ. ਸੁਧਾਰਾਂ ਨਾਲ ਕਰਿਆਨਾ ਤੇ ਹੋਰਨਾਂ ਵਸਤੂਆਂ ਦੇ ਘਰੇਲੂ ਬਿੱਲਾਂ 'ਚ 13 ਫ਼ੀਸਦੀ ਦੀ ਬੱਚਤ ਹੋਵੇਗੀ | ਮੋਟਰਸਾਈਕਲ/ਸਕੂਟਰ (350 ਸੀ.ਸੀ. ਤੱਕ) ਦੇ ਮਾਮਲੇ 'ਚ 8000 ਰੁਪਏ, ਜਦਕਿ ਟੀ.ਵੀ. (32 ਇੰਚ ਤੋਂ ਉੱਪਰ) ਤੱਕ 3500 ਰੁਪਏ ਅਤੇ ਏ. ਸੀ. ਦੀ ਖ਼ਰੀਦ 'ਤੇ 2800 ਰੁਪਏ ਦੀ ਬੱਚਤ ਹੋਵੇਗੀ, ਕਿਉਂਕਿ ਇਨ੍ਹਾਂ ਵਸਤੂਆਂ ਦੀ ਜੀ.ਐਸ.ਟੀ. ਦਰ 28 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਕ ਛੋਟੀ ਕਾਰ ਖ਼ਰੀਦਣ ਵਾਲੇ ਨੂੰ ਲਗਪਗ 70000 ਰੁਪਏ ਦੀ ਬੱਚਤ ਹੋਵੇਗੀ | ਉਨ੍ਹਾਂ ਦੱਸਿਆ ਕਿ 1800 ਸੀ.ਸੀ. ਤੱਕ ਦੇ ਟਰੈਕਟਰਾਂ ਦੀ ਖ਼ਰੀਦ 'ਤੇ 40 ਹਜ਼ਾਰ ਰੁਪਏ ਦੀ ਬੱਚਤ ਹੋਵੇਗੀ, ਕਿਉਂਕਿ ਟਰੈਕਟਰਾਂ 'ਤੇ ਜੀ.ਐਸ.ਟੀ. ਦਰ 12-18 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤੀ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਕਾਫੀ ਲਾਭ ਮਿਲੇਗਾ |