ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਵਿਚ ਹਾਲ ਹੀ ਚ ਆਈ ਭਾਰੀ ਬਾਰਿਸ਼ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਸਮਾਜ ਦੇ ਵੱਖ-ਵੱਖ ਵਰਗ ਅੱਗੇ ਆ ਰਹੇ ਹਨ | ਇਸ ਸਬੰਧ ਵਿਚ ਸੇਵਾਮੁਕਤ ਖੇਤੀਬਾੜੀ ਟੈਕਨੋਕਰੇਟਸ ਐਸੋਸੀਏਸ਼ਨ ਦੇ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੂੰ ਪੁਨਰਵਾਸ ਅਤੇ ਰਾਹਤ ਕਾਰਜਾਂ ਲਈ 4 ਲੱਖ ਰੁਪਏ ਦੀ ਰਾਸ਼ੀ ਦਾ ਡਰਾਫ਼ਟ ਮੁੱਖ ਮੰਤਰੀ ਰਾਹਤ ਫ਼ੰਡ ਲਈ ਭੇਟ ਕੀਤਾ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਪਰਮਾਰ ਅਤੇ ਸੀਨੀਅਰ ਮੈਂਬਰ ਸਵਤੰਤਰ ਕੁਮਾਰ ਏਰੀ, ਡੀ.ਏ (ਪੰਜਾਬ) ਸੇਵਾਮੁਕਤ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੇ ਆਪਣੇ ਘਰ, ਫ਼ਸਲਾਂ ਅਤੇ ਪਸ਼ੂ ਗੁਆ ਦਿੱਤੇ ਹਨ | ਅਜਿਹੇ ਸਮੇਂ, ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਸਮਾਜ ਦਾ ਨੈਤਿਕ ਫਰਜ਼ ਹੈ | ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਐਸੋਸੀਏਸ਼ਨ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੜ੍ਹ ਵਰਗੀਆਂ ਕੁਦਰਤੀ ਆਫ਼ਤਾਂ 'ਚ ਸਰਕਾਰੀ ਯਤਨਾਂ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ ਅਤੇ ਲੋਕਾਂ ਦਾ ਸਮਰਥਨ ਬਹੁਤ ਮਹੱਤਵਪੂਰਨ ਹੁੰਦਾ ਹੈ | ਇਸ ਮੌਕੇ ਪਰਮਿੰਦਰ ਸਿੰਘ ਗਰੇਵਾਲ, ਸੁਰਿੰਦਰ ਸਿੰਘ, ਮਨਜੀਤ ਸਿੰਘ, ਮੰਝੇਲ ਸਿੰਘ ਕਾਲਕਟ, ਸੁਖਵਿੰਦਰ ਸਿੰਘ ਢਿੱਲੋਂ, ਕਿਸ਼ੋਰੀ ਲਾਲ, ਦੀਪਕ ਆਦੀਆ ਅਤੇ ਹੋਰ ਮੈਂਬਰ ਮੌਜੂਦ ਸਨ | ਉਨ੍ਹਾਂ ਨੇ ਸਰਬਸੰਮਤੀ ਨਾਲ ਕਿਹਾ ਕਿ ਔਖੇ ਸਮੇਂ ਨੂੰ ਸਿਰਫ਼ ਆਪਸੀ ਸਹਿਯੋਗ ਅਤੇ ਮਨੁੱਖੀ ਹਮਦਰਦੀ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ | ਸੇਵਾਮੁਕਤ ਖੇਤੀਬਾੜੀ ਟੈਕਨੋਕਰੇਟਸ ਐਸੋਸੀਏਸ਼ਨ ਦੇ ਮੈਂਬਰਾਂ ਨੇ ਭਵਿੱਖ ਵਿਚ ਲੋੜ ਪੈਣ 'ਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹਾਜ਼ਰ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ |