ਬਹੁਜਨ ਐਕਸ਼ਨ ਫ਼ਰੰਟ ਨੇ ਵਧੀਕ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
ਅਜੀਤ ਡੈਸਕ
26-09-2025
ਹੁਸ਼ਿਆਰਪੁਰ, 25 ਸਤੰਬਰ (ਨਰਿੰਦਰ ਸਿੰਘ ਬੱਡਲਾ)-ਬਹੁਜਨ ਐਕਸ਼ਨ ਫ਼ਰੰਟ ਫ਼ਾਰ ਸੋਸ਼ਲ ਜਸਟਿਸ ਦੇ ਬੈਨਰ ਹੇਠ ਐਸ. ਸੀ./ਬੀ. ਸੀ. ਤੇ ਘੱਟਗਿਣਤੀ ਜਥੇਬੰਦੀਆਂ ਦੇ ਨੇਤਾਵਾਂ ਨੇ ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਸੀ. ਐਨ. ਐਫ. ਤੇ ਮਾਸਟਰ ਮਹਿੰਦਰ ਹੀਰ ਕਨਵੀਨਰ ਦੀ ਪ੍ਰਧਾਨਗੀ ਹੇਠ ਇਕੱਠੇ ਹੋ ਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਹੁਸ਼ਿਆਰਪੁਰ 'ਚ ਪ੍ਰਵਾਸੀ ਮਜ਼ਦੂਰ ਵਲੋਂ 5 ਸਾਲਾ ਬੱਚੇ ਹਰਬੀਰ ਸਿੰਘ ਦੇ ਬੇਰਹਿਮੀ ਨਾਲ ਕੀਤੇ ਕਤਲ 'ਚ ਇਨਸਾਫ਼ ਲਈ ਮੰਗ-ਪੱਤਰ ਭੇਜਿਆ | ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਬੱਚੇ ਹਰਬੀਰ ਸਿੰਘ ਦੇ ਕੇਸ ਨੂੰ ਫਾਸਟ ਟਰੈਕ ਕੋਰਟ 'ਚ ਚਲਾ ਕੇ ਕਾਤਲ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ 'ਚ ਕੰਮ ਕਰਨ ਲਈ ਆਉਣ ਵਾਲੇ ਪ੍ਰਵਾਸੀਆਂ ਸੰਬੰਧੀ ਸਖ਼ਤ ਨੀਤੀ ਬਣਾਏ, ਪੰਜਾਬ 'ਚ ਪ੍ਰਵਾਸੀਆਂ ਦੇ ਆਧਾਰ ਕਾਰਡ, ਵੋਟਰ ਕਾਰਡ ਤੇ ਹੋਰ ਦਸਤਾਵੇਜ਼ ਬਣਾਉਣ 'ਤੇ ਪੂਰਨ ਪਾਬੰਦੀ ਲਗਾਈ ਜਾਵੇ, ਪ੍ਰਵਾਸੀਆਂ ਦੇ ਇੱਥੇ ਜ਼ਮੀਨਾਂ/ਪਲਾਟ ਤੇ ਘਰ ਖ਼ਰੀਦ 'ਤੇ ਪਾਬੰਦੀ ਲਗਾਈ ਜਾਵੇ, ਫ਼ੈਕਟਰੀਆਂ ਤੇ ਹੋਰ ਅਦਾਰਿਆਂ 'ਚ ਪੰਜਾਬੀਆਂ ਦੀ ਭਰਤੀ ਨੂੰ ਯਕੀਨੀ ਬਣਾਇਆ ਜਾਵੇ, ਹਰੇਕ ਪ੍ਰਵਾਸੀ ਦੀ ਪੁਲਿਸ ਵੈਰੀਫਿਕੇਸ਼ਨ ਯਕੀਨੀ ਬਣਾਈ ਜਾਵੇ | ਇਸ ਮੌਕੇ ਸੰਨੀ ਖੋਸਲਾ, ਗੁਰਦੇਵ ਸਿੰਘ ਭੱਟੀ, ਚੇਤਨ, ਰਮਨ ਖੋਸਲਾ, ਬਲਬੀਰ ਸਿੰਘ ਵਿਰਦੀ, ਯੋਗ ਰਾਜ ਮਾਹਿਲਪੁਰ, ਕੁਲਵੰਤ ਸਿੰਘ ਬਜਵਾੜਾ, ਮੁਕੇਸ਼ ਕੁਮਾਰ, ਮਾਸਟਰ ਸਵਰਨ ਚੰਦ, ਸੁਖਦੇਵ ਸਿੰਘ, ਕਿਸ਼ਨ ਚੰਦ ਰਾਜੂ, ਐਸ. ਪੀ. ਰਾਜੂ, ਮਹਿੰਦਰ ਪਾਲ ਆਦਿ ਹਾਜ਼ਰ ਸਨ |