ਅੱਡਾ ਸਰਾਂ, 25 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਬਾਬਾ ਫਰੀਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ | ਸਕੂਲ ਦੇ ਕੇ. ਜੀ. ਵਿੰਗ ਦੇ ਛੋਟੇ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ 'ਚ ਹਿੱਸਾ ਲਿਆ, ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਆਪਣੇ ਪਿਆਰ, ਸਤਿਕਾਰ ਤੇ ਸੱਭਿਆਚਾਰ ਦਾ ਪ੍ਰਦਰਸ਼ਨ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਵਲੋਂ ਬਾਬਾ ਫਰੀਦ ਜੀ ਦੀ ਬਾਣੀ ਤੇ ਪੰਜਾਬੀ ਕਵਿਤਾਵਾਂ ਦੇ ਪਾਠ ਨਾਲ ਕੀਤੀ ਗਈ | ਇਸ ਤੋਂ ਬਾਅਦ ਬੱਚਿਆਂ ਨੇ ਵੱਖ-ਵੱਖ ਨਾਅਰੇ ਲਗਾਏ | ਬੱਚਿਆਂ ਨੇ ਛੋਟੇ ਨਾਟਕਾਂ, ਗੀਤਾਂ ਤੇ ਕਵਿਤਾਵਾਂ ਰਾਹੀਂ ਪੰਜਾਬੀ ਭਾਸ਼ਾ ਦੀ ਮਿਠਾਸ, ਅਧਿਆਤਮਿਕਤਾ ਤੇ ਸਾਂਝੇ ਸੱਭਿਆਚਾਰ ਨੂੰ ਸੁੰਦਰ ਢੰਗ ਨਾਲ ਪੇਸ਼ ਕੀਤਾ | ਇਸ ਮੌਕੇ ਆਪਣੇ ਸੰਦੇਸ਼ 'ਚ ਸਕੂਲ ਦੇ ਪਿ੍ੰਸੀਪਲ ਹਰਜੀਤ ਸਿੰਘ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਸਾਡੇ ਸੱਭਿਆਚਾਰ ਅਤੇ ਵਿਰਾਸਤ ਦਾ ਇਕ ਮਹੱਤਵਪੂਰਨ ਹਿੱਸਾ ਹੈ | ਸਾਡਾ ਫ਼ਰਜ਼ ਹੈ ਕਿ ਅਸੀਂ ਇਸ ਨੂੰ ਸਿਰਫ਼ ਬੋਲੀਏ ਹੀ ਨਾ, ਸਗੋਂ ਇਸ ਨੰੂ ਸਿੱਖੀਏ ਅਤੇ ਸਿਖਾਈਏ | ਇਸ ਤਰ੍ਹਾਂ ਦੇ ਸਮਾਗਮ ਬੱਚਿਆਂ 'ਚ ਆਪਣੀ ਮਾਂ-ਬੋਲੀ ਦੀ ਮਿਠਾਸ ਭਰਦੇ ਹਨ | ਸਕੂਲ ਕੈਂਪਸ ਸੁਰੀਲੇ ਪੰਜਾਬੀ ਗੀਤਾਂ ਤੇ ਨਾਅਰਿਆਂ ਨਾਲ ਗੂੰਜ ਉੱਠਿਆ | ਅੰਤ 'ਚ ਪਿ੍ੰਸੀਪਲ ਨੇ ਅਧਿਆਪਕਾਂ, ਕੇ. ਜੀ. ਵਿੰਗ ਸਟਾਫ਼ ਤੇ ਪ੍ਰੋਗਰਾਮ ਦਾ ਆਯੋਜਨ ਕਰਨ ਵਾਲੇ ਬੱਚਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਰੇ ਸਟਾਫ਼ ਮੈਂਬਰ ਮੌਜੂਦ ਸਨ |