ਹੁਸ਼ਿਆਰਪੁਰ, 25 ਸਤੰਬਰ (ਹਰਪ੍ਰੀਤ ਕੌਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਵਿਚ ਕਲਾ ਉਤਸਵ ਤਹਿਤ ਅਧਿਆਪਕਾਂ ਦੇ ਟੀਚਿੰਗ ਪ੍ਰੈਕਟਿਸ ਲੈਸਨਜ਼ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਪਿ੍ੰਸੀਪਲ ਰਾਜਨ ਅਰੋੜਾ ਦੀ ਦੇਖ-ਰੇਖ ਹੇਠ ਹੋਏ | ਇਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਨੇ ਆਪਣੇ ਨਵੀਂ ਸੋਚ ਵਾਲੇ ਅਧਿਆਪਨ ਤਰੀਕਿਆਂ ਦਾ ਪ੍ਰਦਰਸ਼ਨ ਕੀਤਾ | ਨਿਰਣਾਇਕ ਮੰਡਲ ਨੇ ਅਧਿਆਪਕਾਂ ਦੀਆਂ ਪ੍ਰਸਤੁਤੀਆਂ ਦਾ ਮੁਲਾਂਕਣ ਅਧਿਆਪਨ ਅੰਦਾਜ਼, ਰਚਨਾਤਮਕਤਾ ਵਿਸ਼ੇ ਦੀ ਸਮਝ ਤੇ ਵਿਦਿਆਰਥੀਆਂ ਨਾਲ ਸੰਚਾਰ ਕਰਨ ਦੀ ਸਮਰੱਥਾ ਦੇ ਆਧਾਰ 'ਤੇ ਕੀਤਾ | ਨਤੀਜੇ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਦੀਸੁਰਾ ਸਿੰਘ ਦੇ ਗੁਰਿੰਦਰ ਸਿੰਘ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ (ਲੜਕੀਆਂ) ਦੀ ਕਨਿਕਾ ਬਾਗੀ ਨੇ ਦੂਜਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੀ ਮੀਨੂ ਤੀਸਰੇ ਸਥਾਨ 'ਤੇ ਰਹੀ | ਜ਼ਿਲ੍ਹਾ ਸਿੱਖਿਆ ਅਧਿਕਾਰੀ ਲਲਿਤਾ ਅਰੋੜਾ ਨੇ ਜੇਤੂ ਅਧਿਆਪਕਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਅਧਿਆਪਕਾਂ ਦੀ ਸਖਸ਼ੀਅਤ ਦੇ ਵਿਕਾਸ ਲਈ ਮਹੱਤਵਪੂਰਨ ਹਨ | ਉਨ੍ਹਾਂ ਕਿਹਾ ਕਿ ਜੇ ਅਧਿਆਪਕ ਨਵੇਂ ਤਰੀਕੇ ਅਪਣਾਉਣਗੇ ਤਾਂ ਵਿਦਿਆਰਥੀਆਂ ਨੂੰ ਹੋਰ ਗੁਣਵੱਤਾ ਪੂਰਨ ਸਿੱਖਿਆ ਮਿਲੇਗੀ | ਇਸ ਮੌਕੇ ਜ਼ਿਲ੍ਹਾ ਮੈਟਰ ਅੰਕੁਰ ਸੂਦ ਨੇ ਮੁਕਾਬਲੇ ਦੀ ਪੂਰੀ ਪ੍ਰਬੰਧਕੀ ਕੀਤੀ ਅਤੇ ਕਿਹਾ ਕਿ ਸਮਿ੍ੱਧੀ ਮੁਕਾਬਲੇ ਦਾ ਮੰਤਵ ਅਧਿਆਪਕਾਂ ਦੀਆਂ ਯੋਗਤਾਵਾਂ ਤੇ ਹੁਨਰ ਨੂੰ ਨਿਖਾਰਨਾ ਹੈ ਤਾਂ ਜੋ ਉਹ ਵਿਦਿਆਰਥੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਿਆ ਦੇ ਸਕਣ | ਪਿ੍ੰਸੀਪਲ ਰਾਜਨ ਅਰੋੜਾ ਨੇ ਸਾਰੇ ਭਾਗੀਦਾਰਾਂ ਤੇ ਜੇਤੂਆਂ ਨੂੰ ਵਧਾਈ ਦਿੱਤੀ |