ਹਾਜੀਪੁਰ, 25 ਸਤੰਬਰ (ਜੋਗਿੰਦਰ ਸਿੰਘ)- ਬਾਬਾ ਸ਼੍ਰੀ ਚੰਦ ਐਜੂਕੇਸ਼ਨਲ ਐਂਡ ਵੈੱਲਫੇਅਰ ਟਰੱਸਟ ਮੁਕੇਰੀਆਂ ਦੁਆਰਾ ਚਲਾਏ ਜਾ ਰਹੇ ਪਿੰਡ ਪਨਖ਼ੂਹ ਵਿਚ ਸਥਿਤ ਕੋਹਿਨੂਰ ਇੰਟਰਨੈਸ਼ਨਲ ਸਕੂਲ ਦੇ ਪਿ੍ੰਸੀਪਲ ਲੋਕੇਸ਼ ਵਿਮਲ ਸ਼ੁਕਲਾ ਦੀ ਅਗਵਾਈ ਹੇਠ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ | ਇਸ ਮੌਕੇ ਪੰਜਾਬੀ ਅਧਿਆਪਕਾ ਮਨਦੀਪ ਕੌਰ ਨੇ ਮੰਚ ਸੰਚਾਲਨ ਕਰਦਿਆਂ ਪੰਜਾਬੀ ਭਾਸ਼ਾ ਅਤੇ ਬਾਬਾ ਫ਼ਰੀਦ ਜੀ ਦੀ ਜੀਵਨੀ ਉੱਪਰ ਚਾਨਣਾ ਪਾਇਆ | ਉਨ੍ਹਾਂ ਸੰਬੋਧਨ ਕਰਦਿਆਂ ਦੱਸਿਆ ਕਿ ਦੇਸ਼-ਵਿਦੇਸ਼ ਵਿਚ ਪਹਿਲੀ ਵਾਰ ਵਿਸ਼ਵ ਪੰਜਾਬੀ ਦਿਵਸ ਮਨਾਇਆ ਜਾ ਰਿਹਾ ਹੈ | ਸਦੀਆਂ ਤੋਂ ਪੰਜਾਬੀਆਂ ਦੀ ਸੰਸਕਿ੍ਤੀ ਅਤੇ ਸਾਹਿੱਤ ਨੂੰ ਸੰਭਾਲਣ ਲਈ ਇਹ ਫ਼ੈਸਲਾ ਲਿਆ ਗਿਆ ਹੈ ਕਿ ਹਰ ਸਾਲ ਇਸ ਦਿਨ ਨੂੰ ਹਰ ਪੰਜਾਬੀ ਵਿਸ਼ਵ ਪੰਜਾਬੀ ਦਿਵਸ ਦੇ ਰੂਪ ਵਿਚ ਮਨਾਵੇ | ਬਾਬਾ ਫ਼ਰੀਦ ਜੀ ਉੱਚਕੋਟੀ ਦੇ ਸੂਫ਼ੀ ਕਵੀ ਸਨ | ਉਹ ਪੰਜਾਬੀ ਦੇ ਪਹਿਲੇ ਅਜਿਹੇ ਮਹਾਨ ਰਚਨਾਕਾਰ ਹੋਏ ਹਨ ਜਿਨ੍ਹਾਂ ਦੇ ਸ਼ਲੋਕ ਅਤੇ ਸ਼ਬਦਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣ ਦਾ ਮਾਣ ਮਿਲਿਆ | ਇਸ ਅਵਸਰ ਤੇ ਜਮਾਤ ਗਿਆਰ੍ਹਵੀਂ ਦੀ ਵਿਦਿਆਰਥਣ ਸੰਜਨਾ ਨੇ ਮਾਂ ਬੋਲੀ ਦੇ ਮਹੱਤਵ ਤੇ ਆਪਣੇ ਵਿਚਾਰ ਪੇਸ਼ ਕੀਤੇ | ਜਮਾਤ ਦੂਸਰੀ ਦੀ ਸਵਾਸਤਿਕਾ, ਜਮਾਤ ਪੰਜਵੀਂ ਦੀ ਪਿ੍ਯੰਕਾ, ਜਮਾਤ ਨੌਵੀਂ ਦੀ ਪਿ੍ਅੰਕਾ ਦੁਆਰਾ ਪੰਜਾਬੀ ਭਾਸ਼ਾ ਵਿਚ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਸਕੂਲ ਦਾ ਸਾਰਾ ਸਟਾਫ਼ ਅਤੇ ਵਿਦਿਆਰਥੀ ਪੰਜਾਬੀ ਪਹਿਰਾਵੇ ਵਿਚ ਸਕੂਲ ਆਏ ਸੀ | ਵਿਦਿਆਰਥੀਆਂ ਨੇ ਸੁੰਦਰ ਚਾਰਟ ਬਣਾਏ | ਇਸ ਮੌਕੇ ਪਿ੍ੰਸੀਪਲ ਲੋਕੇਸ਼ ਵਿਮਲ ਸ਼ੁਕਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬਾਬਾ ਫ਼ਰੀਦ ਜੀ ਦੀ ਬਾਣੀ ਨਾਲ ਰੂਬਰੂ ਕਰਵਾਇਆ | ਉਨ੍ਹਾਂ ਵਿਦਿਆਰਥੀਆਂ ਤੋਂ ਇਹ ਵਾਅਦਾ ਲਿਆ ਕਿ ਪੰਜਾਬੀ ਭਾਸ਼ਾ ਨੂੰ ਮਾਣ ਸਨਮਾਨ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ |