ਮਾਹਿਲਪੁਰ, 27 ਸਤੰਬਰ (ਰਜਿੰਦਰ ਸਿੰਘ)-ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਆਉਣ ਵਾਲੇ ਸਮੇਂ 'ਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਰੋਕਣ ਲਈ ਹੁਣ ਤੋਂ ਹੀ ਵਿਸ਼ੇਸ਼ ਉਪਰਾਲੇ ਸ਼ੁਰੂ ਹੋ ਗਏ ਹਨ | ਇਸੇ ਲੜੀ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਾਹਿਬਜ਼ਾਦਾ ਪਬਲਿਕ ਸਕੂਲ ਲੱਧੇਵਾਲ ਮਾਹਿਲਪੁਰ ਪਿ੍ੰ. ਰਾਜਵਿੰਦਰ ਕੌਰ ਦੀ ਦੇਖ-ਰੇਖ 'ਚ ਪਰਾਲੀ ਨਾ ਸਾੜਨ ਸੰਬੰਧੀ ਸੈਮੀਨਾਰ ਕਰਵਾਇਆ, ਜਿਸ 'ਚ ਖੇਤੀਬਾੜੀ ਅਫ਼ਸਰ ਬਲਾਕ ਮਾਹਿਲਪੁਰ ਡਾ. ਹਰਪ੍ਰੀਤ ਸਿੰਘ ਵਲੋਂ ਆਪਣੀ ਟੀਮ ਨਾਲ ਬੱਚਿਆਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ, ਪਰਾਲੀ ਸਾੜਨ ਦੇ ਨੁਕਸਾਨਾਂ ਤੋਂ ਜਾਣੂ ਕਰਵਾਇਆ | ਇਸ ਦੇ ਨਾਲ ਹੀ ਉਨ੍ਹਾਂ ਵਲੋਂ ਬੱਚਿਆਂ ਦੀ ਪਰਾਲੀ ਸਾੜਨ ਦੇ ਨੁਕਸਾਨ ਤੇ ਵਾਤਾਵਰਨ ਦੇ ਗੰਧਲਾ ਹੋਣ ਸੰਬੰਧੀ ਇਕ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ, ਜਿਸ 'ਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਸਮੇਤ ਬੱਚਿਆਂ ਨੂੰ ਵੀ ਇਨਾਮ ਦਿੱਤੇ ਗਏ | ਇਸ ਮੌਕੇ ਖੇਤੀਬਾੜੀ ਦਫ਼ਤਰ ਤੋਂ ਪਹੁੰਚੇ ਗੁਰਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ | ਸਭ ਦਾ ਧੰਨਵਾਦ ਕਰਦਿਆਂ ਪਿ੍ੰ. ਰਾਜਵਿੰਦਰ ਕੌਰ ਨੇ ਬੱਚਿਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਦਿਆਂ ਜਿਥੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਕਿਹਾ ਉਥੇ ਹੀ ਆਪਣੀ ਸਿਹਤ ਦਾ ਖ਼ਿਆਲ ਰੱਖਣ ਤੇ ਖਾਣ ਪੀਣ ਦੀਆਂ ਆਦਤਾਂ ਸੰਬੰਧੀ ਬੱਚਿਆਂ ਨੂੰ ਸੁਚੇਤ ਕੀਤਾ | ਇਸ ਮੌਕੇ ਸੁਰਿੰਦਰ ਕੌਰ ਖ਼ਾਲਸਾ, ਮੈਡਮ ਸੰਦੀਪ ਕੌਰ, ਚਰਨਜੀਤ ਕੌਰ, ਹਰਜਿੰਦਰ ਕੌਰ, ਆਰਟ ਅਧਿਆਪਕਾ ਮਨਜਿੰਦਰ ਕੌਰ, ਕੁਲਵਿੰਦਰ ਕੌਰ, ਅਮਨਦੀਪ ਕੌਰ, ਸੋਂਫ਼ੀਆ, ਹਰਪਿੰਦਰ ਕੌਰ, ਬਿਮਲਾ ਦੇਵੀ, ਹਰਪ੍ਰੀਤ ਸਿੰਘ, ਨਰਿੰਦਰ ਕੌਰ, ਬਲਜੀਤ ਕੌਰ, ਕੁਲਵੀਰ ਕੌਰ, ਸੁਰਿੰਦਰ ਕੌਰ, ਜੋਤੀ ਬੰਗਾ ਤੇ ਮੈਡਮ ਸਨੇਹ ਲਤਾ ਆਦਿ ਹਾਜ਼ਰ ਸਨ |