ਟਾਂਡਾ ਉੜਮੁੜ, 27 ਸਤੰਬਰ (ਭਗਵਾਨ ਸਿੰਘ ਸੈਣੀ)-ਐਚ. ਆਈ. ਐਮ. ਟੀ. ਕਾਲਜ ਵਿਚ ਮਹਾਨ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਵਿਸ਼ੇਸ਼ ਯਾਦਗਾਰੀ ਸਮਾਗਮ ਕਰਵਾਇਆ | ਇਸ ਦੌਰਾਨ ਕਾਲਜ ਪ੍ਰਬੰਧਕਾਂ, ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਭਗਤ ਸਿੰਘ ਦੀਆਂ ਮਹਾਨ ਅਮਰ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀਆਂ ਤਸਵੀਰਾਂ ਅੱਗੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ | ਕਾਲਜ ਦੇ ਚੈਅਰਮੈਨ ਡਾ. ਰੌਹਿਤ ਟੰਡਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਗਤ ਸਿੰਘ ਵਰਗੇ ਮਹਾਨ ਕਰਾਂਤੀਕਾਰੀਆਂ ਨੇ ਨੌਜਵਾਨ ਪੀੜ੍ਹੀ ਲਈ ਹਿੰਮਤ, ਕੁਰਬਾਨੀ ਤੇ ਦੇਸ਼ਭਗਤੀ ਦਾ ਜੀਵੰਤ ਉਦਾਹਰਨ ਪੇਸ਼ ਕੀਤਾ | ਉਨ੍ਹਾਂ ਦਾ ਜੀਵਨ ਹਮੇਸ਼ਾ ਲਈ ਪ੍ਰੇਰਣਾ ਦਾ ਸਰੋਤ ਰਹੇਗਾ | ਅੱਜ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਭਗਤ ਸਿੰਘ ਦੇ ਵਿਚਾਰਾਂ ਨੂੰ ਅਪਣਾ ਕੇ ਸਮਾਜ ਵਿਚ ਸਕਾਰਾਤਮਕ ਬਦਲਾਅ ਲਿਆਉਣ | ਸਮਾਗਮ ਦੌਰਾਨ ਵਿਦਿਆਰਥੀਆਂ ਨੇ ਭਗਤ ਸਿੰਘ ਦੀ ਜੀਵਨੀ 'ਤੇ ਕਵਿਤਾਵਾਂ, ਭਾਸ਼ਨ ਤੇ ਲਘੂ-ਨਾਟਕ ਪੇਸ਼ ਕਰਕੇ ਉਨ੍ਹਾਂ ਦੀਆਂ ਸੋਚਾਂ ਨੂੰ ਜਿੰਦਗੀਮਾਨ ਕੀਤਾ | ਕਾਲਜ ਦੇ ਸਟਾਫ ਮੈਂਬਰਾਂ ਨੇ ਵੀ ਭਗਤ ਸਿੰਘ ਦੀਆਂ ਸਿੱਖਿਆਵਾਂ ਨੂੰ ਅਧੁਨਿਕ ਯੁੱਗ ਨਾਲ ਜੋੜਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ | ਅੰਤ ਵਿਚ ਸਾਰੇ ਹਾਜ਼ਰ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਇਕ ਮਿੰਟ ਦਾ ਮੌਨ ਰੱਖ ਕੇ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਪ੍ਰਤੀ ਆਪਣੀ ਸਕਰਾਤਮਿਕ ਭੂਮਿਕਾ ਨਿਭਾਉਣ ਦਾ ਸੰਕਲਪ ਲਿਆ | ਇਸ ਮੌਕੇ ਭਾਰਤ ਰਤਨ ਟੰਡਨ, ਦਿਸ਼ਾਂਤ ਕੁਮਾਰ, ਅਮਨਦੀਪ ਕੁਮਾਰ, ਹਰਪ੍ਰੀਤ ਸਿੰਘ , ਭਾਨੂੰ ਪ੍ਰੀਆ, ਹਰਜੀਤ ਕੌਰ, ਅੰਕੀਤਾ ਕੁਮਾਰੀ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਹਰਪ੍ਰੀਤ ਕੌਰ ਮੱਲੀ, ਖੁਸ਼ਪ੍ਰੀਤ ਕੌਰ, ਅਮਨਦੀਪ ਕੋਰ, ਨਵਰਤ ਕੌਰ, ਖੁਸ਼ਪ੍ਰੀਤ ਕੌਰ, ਹਰਜਿੰਦਰ ਕੌਰ ਤੇ ਅਨਮੌਲਪ੍ਰੀਤ ਕੌਰ ਮੌਜੂਦ ਸਨ |