ਗੜ੍ਹਸ਼ੰਕਰ, 23 ਨਵੰਬਰ (ਧਾਲੀਵਾਲ)-ਸ੍ਰੀ ਗੁਰੂ ਤੇਗ਼ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀਨਗਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸਜਾਏ ਗਏ ਨਗਰ ਕੀਰਤਨ ਦਾ ਗੜ੍ਹਸ਼ੰਕਰ ਵਿਖੇ ਵੱਖ-ਵੱਖ ਥਾਈਾ ਭਰਵਾਂ ਸਵਾਗਤ ਕੀਤਾ ਗਿਆ | ਦੇਰ ਰਾਤ 2 ਵਜੇ ਗੜ੍ਹਸ਼ੰਕਰ 'ਚ ਦਾਖਲ ਹੋਏ ਨਗਰ ਕੀਰਤਨ ਦੇ ਸਵਾਗਤ ਲਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵਿਸ਼ੇਸ਼ ਤੌਰ 'ਤੇ ਸਵਾਗਤ ਹੋਏ | ਨਗਰ ਕੀਰਤਨ ਦੇ ਗੜ੍ਹਸ਼ੰਕਰ 'ਚ ਦਾਖ਼ਲੇ ਹੋਣ ਸਮੇਂ ਗੁਰਦੁਆਰਾ ਭਾਈ ਤਿਲਕੂ ਦੀ ਵਿਖੇ ਪ੍ਰਬੰਧਕਾਂ ਵੱਲੋਂ ਸਵਾਗਤ ਕੀਤਾ ਗਿਆ | ਇਸੇ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਗੜ੍ਹਸ਼ੰਕਰ ਵਿਖੇ ਵੱਡੀ ਗਿਣਤੀ 'ਚ ਸੰਗਤਾਂ ਨਗਰ ਕੀਰਤਨ ਦੇ ਸਵਾਗਤ ਲਈ ਹਾਜ਼ਰ ਹੋਈਆਂ | ਇੱਥੇ ਗਿਆਨੀ ਬਲਵੀਰ ਸਿੰਘ ਚੰਗਿਆੜਾ ਤੇ ਸ਼ਹਿਰ ਦੀਆਂ ਸੰਗਤਾਂ ਨੇ ਪੰਜਾਂ ਪਿਆਰਿਆਂ ਦਾ ਸਿਰੋਪਾਓ ਨਾਲ ਸਨਮਾਨ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਰੁਮਾਲਾ ਭੇਟ ਕੀਤਾ ਗਿਆ | ਗੜ੍ਹਸ਼ੰਕਰ ਦੇ ਨੰਗਲ ਚੌਂਕ ਪਾਸ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਤੇ ਹੋਰ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ | ਇਸ ਦੌਰਾਨ ਨਿਮਿਸ਼ਾ ਮਹਿਤਾ ਨੇ ਪੰਜਾਂ ਪਿਆਰਿਆਂ ਦਾ ਸਨਮਾਨ ਕਰਦਿਆਂ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ | ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਬੰਦਾ ਜੀ ਵਿਖੇ ਬਾਬਾ ਸਤਪਾਲ ਸਿੰਘ, ਤਰਲੋਕ ਸਿੰਘ ਅਰੋੜਾ, ਇੰਜ. ਪਰਵਿੰਦਰ ਸਿੰਘ, ਰੌਸ਼ਨ ਸਿੰਘ ਤੇ ਹੋਰ ਪ੍ਰਬੰਧਕਾਂ ਨੇ ਪੰਜਾ ਪਿਆਰਿਆਂ ਦਾ ਸਨਮਾਨ ਕਰਦਿਆਂ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਸਵਾਗਤ ਕੀਤੀ ਤੇ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ਸਾਹਿਬ ਅੱਗੇ ਨਤਮਸਤਕ ਹੋਈਆਂ | ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਸਥਿਤ ਗੁਰਦੁਆਰਾ ਫਲਾਈ ਸਾਹਿਬ ਸ਼ਹੀਦਾਂ ਦੇ ਅਸਥਾਨ 'ਤੇ ਪਿੰਡ ਮਹਿਤਾਬਪੁਰ ਦੀ ਸੰਗਤ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ | ਇਸ ਦੌਰਾਨ ਐੱਸ. ਡੀ.ਐੱਮ. ਸੰਜੀਵ ਕੁਮਾਰ ਗੌੜ, ਐੱਸ.ਐੱਚ.ਓ. ਗਗਨਦੀਪ ਸਿੰਘ ਸੇਖੋਂ, ਬਲਦੀਪ ਸਿੰਘ ਸੈਣੀ ਚੇਅਰਮੈਨ ਮਾਰਕੀਟ ਕਮੇਟੀ, ਬਲਜੀਤ ਸਿੰਘ ਸਹੋਤਾ ਹਾਜ਼ਰ ਹੋਏ | ਸਵਾਗਤ ਸਮੇਂ ਸੰਗਤਾਂ ਲਈ ਚਾਹ ਪਾਣੀ, ਪ੍ਰਸ਼ਾਦੇ ਆਦਿ ਦਾ ਲੰਗਰ ਵਰਤਾਇਆ ਗਿਆ |