ਮੁਕੇਰੀਆਂ, 23 ਨਵੰਬਰ (ਰਾਮਗੜ੍ਹੀਆ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇ. ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਸਮੁੱਚੇ ਸੰਸਾਰ ਅੰਦਰ ਵੱਸਦੇ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਜੋ ਨਿਰਦੇਸ਼ 23 ਤੋਂ 29 ਨਵੰਬਰ ਤੱਕ ਹਰ ਸਿੱਖ ਆਪਣੇ ਘਰ ਅਤੇ ਵਪਾਰਕ ਸਥਾਨ ਉੱਪਰ ਕੇਸਰੀ ਅਤੇ ਨੀਲਾ ਨਿਸ਼ਾਨ ਸਾਹਿਬ ਜ਼ਰੂਰ ਲਗਾਵੇ ਇਨ੍ਹਾਂ ਨਿਰਦੇਸ਼ਾਂ ਉੱਤੇ ਫ਼ੁਲ ਚੜ੍ਹਾਉਂਦੇ ਹੋਏ ਅੱਜ ਜਥੇ. ਰਵਿੰਦਰ ਸਿੰਘ ਚੱਕ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਨੇ ਜਿੱਥੇ ਆਪਣੀ ਰਿਹਾਇਸ਼ ਉੱਪਰ ਖ਼ਾਲਸਾਈ ਨਿਸ਼ਾਨ ਝੁਲਾਉਣ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਸੇਵਕ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸਮੁੱਚਾ ਖ਼ਾਲਸਾ ਪੰਥ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਆਪਣੇ ਆਪ ਸ਼ਰਧਾ ਅਨੁਸਾਰ ਆਪਣਾ ਯੋਗਦਾਨ ਪਾ ਰਹੇ ਹਨ | ਉੱਥੇ ਹੀ ਉਨ੍ਹਾਂ ਨੇ ਸਮੂਹ ਮੁਕੇਰੀਆਂ ਹਲਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਜਥੇ. ਗੜਗੱਜ ਵਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਹਰ ਸਿੱਖ ਆਪਣੇ ਘਰ ਉੱਪਰ ਆਪਣੀ ਰਿਹਾਇਸ਼ ਅਤੇ ਵਪਾਰਕ ਅਦਾਰਿਆਂ ਉੱਪਰ 23 ਤੋਂ 29 ਨਵੰਬਰ ਤੱਕ ਖ਼ਾਲਸਾਈ ਨਿਸ਼ਾਨ ਝੁਲਾਉਣ | ਇਸ ਮੌਕੇ ਉਨ੍ਹਾਂ ਨਾਲ ਯੂਥ ਆਗੂ ਬਿਕਰਮ ਸਿੰਘ ਅਲਾ ਬਖ਼ਸ਼, ਭੁਪਿੰਦਰ ਸਿੰਘ ਪਿੰਕੀ ਪ੍ਰਧਾਨ ਗੁਰਮਤਿ ਸੇਵਾ ਸੁਸਾਇਟੀ ਮੁਕੇਰੀਆਂ, ਗੁਰਵਿੰਦਰ ਸਿੰਘ ਗਿੰਦੂ ਪ੍ਰਧਾਨ ਗੁਰਦੁਆਰਾ ਕਮੇਟੀ. ਗੁਰਜਿੰਦਰ ਸਿੰਘ ਚੱਕ, ਭੁਪਿੰਦਰ ਸਿੰਘ ਟੋਨੀ, ਸਰਵਨ ਸਿੰਘ ਚੱਕ, ਗੁਰਸੱਜਣਦੀਪ ਸਿੰਘ ਗੱਜੀ, ਸਤਨਾਮ ਸਿੰਘ, ਰਜਿੰਦਰ ਸਿੰਘ, ਹਰਭਜਨ ਸਿੰਘ ਅਤੇ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ |