ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਮਾਜਿਕ ਕੰਮਾਂ ਨੂੰ ਮਜ਼ਬੂਤ ਕਰਨ ਵਾਲੇ ਮਿਸ਼ਨ ਚੜ੍ਹਦੀ ਕਲਾ ਲਈ ਅੱਜ ਮਹੱਤਵਪੂਰਨ ਯੋਗਦਾਨ ਪ੍ਰਾਪਤ ਹੋਇਆ ਹੈ | ਵਿਧਾਇਕ ਜਿੰਪਾ ਦੇ ਯਤਨਾਂ ਸਦਕਾ, ਜਤਿੰਦਰ ਵਾਲੀਆ, ਐਸ.ਕੇ. ਚੱਢਾ ਅਤੇ ਗਿਰੀਸ਼ ਵਾਲੀਆ (ਊਸ਼ਾ ਮਾਰਟਿਨ ਕੰਪਨੀ) ਵੱਲੋਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ 5 ਲੱਖ ਦਾ ਚੈੱਕ ਭੇਟ ਕੀਤਾ ਗਿਆ | ਵਿਧਾਇਕ ਜਿੰਪਾ ਨੇ ਊਸ਼ਾ ਮਾਰਟਿਨ ਕੰਪਨੀ ਦੇ ਪ੍ਰਤੀਨਿਧੀਆਂ ਜਤਿੰਦਰ ਵਾਲੀਆ, ਐਸ.ਕੇ. ਚੱਢਾ ਅਤੇ ਗਿਰੀਸ਼ ਵਾਲੀਆ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਸਮਰਥਨ ਲੋੜਵੰਦਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ | ਵਿਧਾਇਕ ਜਿੰਪਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਜਨ ਪ੍ਰਤੀਨਿਧੀਆਂ ਦੇ ਸਾਂਝੇ ਯਤਨਾਂ ਨਾਲ ਮਿਸ਼ਨ ਚੜ੍ਹਦੀ ਕਲਾ ਲਗਾਤਾਰ ਬਿਹਤਰ ਨਤੀਜੇ ਦੇ ਰਿਹਾ ਹੈ ਅਤੇ ਭਵਿੱਖ ਵਿਚ ਵੀ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਇਸ ਮਿਸ਼ਨ ਨੂੰ ਹੋਰ ਵਧਾਇਆ ਜਾਵੇਗਾ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਰਬੀਰ ਕੌਰ ਭੁੱਲਰ, ਸਹਾਇਕ ਕਮਿਸ਼ਨਰ ਪਰਮਪ੍ਰੀਤ ਸਿੰਘ, ਕੁਲਵਿੰਦਰ ਸਿੰਘ ਹੁੰਦਲ ਅਤੇ ਸੰਜੇ ਸ਼ਰਮਾ ਵੀ ਮੌਜੂਦ ਸਨ |