ਦਸੂਹਾ, 23 ਨਵੰਬਰ (ਭੁੱਲਰ)-ਦਰਸ਼ਨ ਅਕੈਡਮੀ ਸੀ.ਬੀ.ਐਸ.ਈ ਐਫੀਲੀਏਟਿਡ ਸਕੂਲ ਦਸੂਹਾ ਵਿਖੇ ਸ਼ਿਵਾਲਿਕ ਹਿਲਜ ਸਹੋਦਿਆ ਵੱਲੋਂ ਪਿ੍ੰਸੀਪਲ ਰਸਿਕ ਗੁਪਤਾ ਦੀ ਅਗਵਾਈ ਹੇਠ ਫੇਸ ਪੇਂਟਿੰਗ ਮੁਕਾਬਲੇ ਕਰਵਾਏ ਗਏ | ਜਿਸ ਵਿਚ ਵੱਖ-ਵੱਖ ਸਕੂਲਾਂ ਦੇ 22 ਵਿਦਿਆਰਥੀਆਂ ਨੇ ਹਿੱਸਾ ਲਿਆ | ਜਿਨ੍ਹਾਂ ਵਿਚ ਚੌਧਰੀ ਬਲਬੀਰ ਸਿੰਘ ਪਬਲਿਕ ਸਕੂਲ ਹੁਸ਼ਿਆਰਪੁਰ, ਡਿਪਸ ਹਰਿਆਣਾ, ਟਾਂਡਾ ਅਤੇ ਗਿਲਜੀਆਂ, ਕੈਂਬਰਿਜ ਓਵਰਸੀਜ਼ ਸਕੂਲ ਮੁਕੇਰੀਆਂ, ਵੁੱਡਬਰੀ ਵਰਡ ਸਕੂਲ ਮੁਕੇਰੀਆਂ, ਐਸ. ਬੀ. ਜੇ. ਸੀ. ਡੀ. ਏ. ਵੀ. ਪਬਲਿਕ ਸਕੂਲ ਦਸੂਹਾ, ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬੇਗਪੁਰ ਕਮਲੂਹ, ਐਨ.ਐਸ.ਐਮ ਸਕੂਲ ਟੇਰਕੀਆਣਾ, ਡੀ.ਏ.ਵੀ ਮਾਡਲ ਸਕੂਲ ਹਰਿਆਣਾ ਅਤੇ ਦਰਸ਼ਨ ਅਕੈਡਮੀ ਦਸੂਹਾ ਆਦਿ ਸ਼ਾਮਿਲ ਸਨ | ਇਹਨਾਂ ਮੁਕਾਬਲਿਆਂ ਵਿਚ ਡਿਪਸ ਹਰਿਆਣਾ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਡਿਪਸ ਟਾਂਡਾ ਦੇ ਵਿਦਿਆਰਥੀ ਦੂਜੇ ਸਥਾਨ ਤੇ ਰਹੇ ਤੀਜਾ ਸਥਾਨ ਵੁਡਬਰੀ ਵਰਲਡ ਸਕੂਲ ਮੁਕੇਰੀਆਂ ਦੇ ਵਿਦਿਆਰਥੀਆਂ ਨੇ ਹਾਸਿਲ ਕੀਤਾ | ਇਸ ਤੋਂ ਇਲਾਵਾ ਭਾਗ ਲੈਣ ਵਾਲੇ ਬਾਕੀ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਐਪਰੀਸੀਏਸ਼ਨ ਅਵਾਰਡ ਨਾਲ ਨਿਵਾਜਿਆ ਗਿਆ | ਇਹਨਾਂ ਮੁਕਾਬਲਿਆਂ ਲਈ ਜੱਜ ਦੀ ਭੂਮਿਕਾ ਆਰਟ ਟੀਚਰ ਸ੍ਰੀਮਤੀ ਹਰਪ੍ਰੀਤ ਕੌਰ ਨੇ ਨਿਭਾਈ | ਉਨ੍ਹਾਂ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦੇ ਹੋਏ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬਾਕੀ ਵਿਦਿਆਰਥੀਆਂ ਦਾ ਹੌਸਲਾ ਵਧਾਉਂਦੇ ਹੋਏ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਸਭ ਨੇ ਇੰਨੇ ਵਧੀਆ ਫੇਸ ਪੇਂਟ ਕੀਤੇ ਸਨ ਕਿ ਇਸ ਮੁਕਾਬਲੇ ਲਈ ਜੇਤੂ ਚੁਣਨਾ ਉਨ੍ਹਾਂ ਲਈ ਬਹੁਤ ਮੁਸ਼ਕਿਲ ਹੋ ਗਿਆ ਸੀ | ਇਸ ਮੌਕੇ ਤੇ ਬੋਲਦੇ ਹੋਏ ਸਹੋਦਿਆ ਦੇ ਪ੍ਰਧਾਨ ਅਤੇ ਸਕੂਲ ਦੇ ਪਿ੍ੰਸੀਪਲ ਸ੍ਰੀ ਰਸਿਕ ਗੁਪਤਾ ਨੇ ਦੱਸਿਆ ਕਿ ਸ਼ਿਵਾਲਿਕ ਹਿਲਸ ਸਹੋਦਿਆ ਹੁਸ਼ਿਆਰਪੁਰ ਜ਼ਿਲੇ੍ਹ ਦੇ ਨਾਮੀ ਗਰਾਮੀ ਸੀ.ਬੀ.ਐਸ.ਈ ਐਫੀਲੀਏਟਿਡ ਸਕੂਲਾਂ ਦਾ ਇੱਕ ਸੰਗਠਨ ਹੈ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਭਵਿੱਖ ਅਤੇ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ | ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਤਰ੍ਹਾਂ ਦੇ ਮੁਕਾਬਲਿਆਂ ਤੋਂ ਇਲਾਵਾ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਟਰੇਨਿੰਗ ਅਤੇ ਇੱਕ ਦੂਜੇ ਦੇ ਸਕੂਲ ਵਿਚ ਜਾ ਕੇ ਇੱਕ ਦੂਜੇ ਤੋਂ ਸਿੱਖਣਾ ਵੀ ਸ਼ਾਮਿਲ ਹੈ | ਜ਼ਿਲ੍ਹੇ ਦੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਅਸੀਂ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਆਏ ਹਾਂ ਅਤੇ ਭਵਿੱਖ ਵਿਚ ਵੀ ਕਰਦੇ ਰਹਾਂਗੇ |