ਪੱਸੀ ਕੰਢੀ, 23 ਨਵੰਬਰ (ਜਗਤਾਰ ਸਿੰਘ ਰਜਪਾਲਮਾ)-ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਬਲਵੀਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਜਗਦੀਪ ਸਿੰਘ ਜ਼ਿਲ੍ਹਾ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਸੈੱਲ ਅਤੇ ਐੱਸ. ਐੱਮ.ਓ. ਡਾਕਟਰ ਰੋਹਿਤ ਬਰੁਟਾ ਅਤੇ ਨੋਡਲ ਅਫ਼ਸਰ ਡਾਕਟਰ ਸੰਦੀਪ ਕੌਰ ਪੀ.ਐਚ.ਸੀ ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਪਿੰਡ ਮੱਕੋਵਾਲ ਵਿਖੇ 'ਤੰਬਾਕੂ ਮੁਕਤ ਯੁਵਾ ਮੁਹਿੰਮ' ਗਤੀਵਿਧੀ ਤਹਿਤ ਤੰਬਾਕੂ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਲੋਕਾਂ ਨੂੰ ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਸੰਬੰਧੀ ਵਿਸਥਾਰ ਸਹਿਤ ਦੱਸਿਆ | ਤੰਬਾਕੂਨੋਸ਼ੀ ਦੇ ਸਿਹਤ ਤੇ ਵਾਤਾਵਰਨ ਉੱਤੇ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਤੰਬਾਕੂ ਉਤਪਾਦਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਕੋਟਪਾ ਐਕਟ 2003 ਸੰਬੰਧੀ ਵੀ ਜਾਗਰੂਕ ਕੀਤਾ ਗਿਆ | ਤੰਬਾਕੂ ਕੰਟਰੋਲ ਐਕਟ 2003 ਦੇ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਵੇਚਣ ਅਤੇ ਕਿਸੇ ਵਿੱਦਿਅਕ ਸੰਸਥਾ ਦੇ 100 ਗਜ ਦੇ ਘੇਰੇ ਵਿਚ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੇ ਸੇਵਨ, ਵਿੱਕਰੀ ਕਰਨ ਤੇ ਰੋਕ ਹੈ | ਲੋਕਾਂ ਨੂੰ ਕੋਟਪਾ ਐਕਟ 2003 ਤਹਿਤ ਵੱਖ-ਵੱਖ ਧਰਾਵਾਂ ਧਾਰਾ 4 : ਜਨਤਕ ਸਥਾਨਾਂ ਤੇ ਤੰਬਾਕੂਨੋਸ਼ੀ ਤੇ ਰੋਕ ਹੈ, ਧਾਰਾ 5: ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਸਿੱਧੇ ਜਾਂ ਅਸਿੱਧੇ ਤੌਰ ਤੇ ਇਸ਼ਤਿਹਾਰਬਾਜ਼ੀ ਤੇ ਰੋਕ | ਧਾਰਾ 6 (ਏ): 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਸਿਗਰਟ ਜਾਂ ਹੋਰ ਤੰਬਾਕੂ ਉਤਪਾਦਾਂ ਵੇਚਣ/ਖ਼ਰੀਦਣ ਤੇ ਮਨਾਹੀ ਹੈ | ਉਨ੍ਹਾਂ ਲੋਕਾਂ ਨੂੰ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਇਸ ਨਾ ਮੁਰਾਦ ਬੁਰਾਈ ਨੂੰ ਸਮਾਜ ਤੋਂ ਬਾਹਰ ਕੱਢਣ ਲਈ ਅੱਗੇ ਆਉਣਾ ਚਾਹੀਦਾ ਅਤੇ ਇੱਕ ਚੰਗੇ ਸਿਹਤਮੰਦ ਤੇ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ, ਆਨੰਦ ਸਰੂਪ, ਕਰਨੈਲ ਸਿੰਘ, ਅਰਵਿੰਦਰ ਕੁਮਾਰ, ਬਲਰਾਮ ਸਿੰਘ, ਪੂਰਨ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ |